ਨਵੀਂ ਦਿੱਲੀ,ਚੰਡੀਗੜ੍ਹ/ 28 ਦਸੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਉੱਤਰਾਖੰਡ ਪੁਲਿਸ ਵੱਲੋਂ ਲੋਕਾਂ ਦੀ ਆਵਾਜ਼ ਦਬਾਉਣ ਲਈ ਮੁਕੱਦਮਾ ਦਰਜ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਪੁਲਿਸ ਅੰਗਰੇਜ਼ਾਂ ਵਾਂਗ ਹੀ ਵਿਵਹਾਰ ਕਰ ਰਹੀ ਹੈ ਜੋ ਲੋਕਾਂ ਨੂੰ ਡਰਾਉਣ ਤੇ ਧਮਕਾਉਣ ਦਾ ਤਰੀਕਾ ਵਰਤਦੇ ਸਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਕਿਹਾ ਕਿ ਉੱਤਰਾਖੰਡ ਪੁਲਿਸ ਨੇ ਸਾਡੇ ਖਿਲਾਫ ਧਾਰਾ 144, 147, 153, 188 ਅਤੇ 259 ਆਈ ਪੀ ਸੀ ਤਹਿਤ ਕੇਸ ਦਰਜ ਕਰ ਕੇ ਸਾਡੀ ਆਵਾਜ਼ ਕੁਚਲਣ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਇਹ ਵਰਤਾਰਾ ਬਿਲਕੁਲ ਅੰਗਰੇਜ਼ਾਂ ਵਰਗਾ ਹੈ। ਉਹਨਾਂ ਕਿਹਾ ਕਿ ਪੁਲਿਸ ਕਿਸਾਨਾਂ ਦੇ ਘਰ ਘਰ ਜਾ ਕੇ ਛਾਪੇਮਾਰੀ ਕਰ ਰਹੀ ਹੈ ਪਰ ਇਹਨਾ ਸਭ ਹਰਕਤਾਂ ਤੋਂ ਅਸੀਂ ਡਰਨ ਵਾਲੇ ਨਹੀਂਹਾਂ।
ਸਿਰਸਾ ਨੇ ਕਿਹਾ ਕਿ ਉਹ ਊਧਮ ਸਿੰਘ ਨਗਰ ਦੇ ਐਸ ਐਸ ਪੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਤਰੀਕੇ ਦੇ ਵਤੀਰੇ ਤੋਂ ਸਾਡੀ ਆਵਾਜ਼ ਕੁਚਲੀ ਨਹੀਂ ਜਾ ਸਕਦੀ। ਉਹਨਾਂ ਕਿਹਾ ਕਿ ਅਸੀਂਹਰ ਲੜਾਈ ਲੜਾਂਗੇ ਅਤੇ ਜੇਕਰ ਲੋੜ ਪਈ ਤਾਂ ਸੁਪਰੀਮ ਕੋਰਟ ਜਾਵਾਂਗੇ। ਉਹਨਾਂ ਕਿਹਾ ਕਿ ਉੱਤਰਾਖੰਡ ਪੁਲਿਸ ਦਾ ਇਹ ਯਤਨ ਦਿੱਲੀ ਕਮੇਟੀ ਜੋ ਕਿ ਲੋਕਾਂ ਦੀ ਸੇਵਾਦਾਰ ਸੰਸਥਾ ਹੈ, ਨੂੰ ਖਤਮ ਕਰਨ ਦੀ ਇਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਜੋ ਕਦੇ ਵੀ ਸਫਲ ਨਹੀਂ ਹੋਣ ਦਿੱਤੀ ਜਾਵੇਗੀ।
ਉਹਨਾਂ ਕਿਹਾ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਦੱਸਾਂਗੇ ਕਿ ਤੁਸੀਂ ਗਲਤ ਲੋਕਾਂ ਨਾਲ ਪੰਗਾ ਲਿਆ ਹੈ , ਤੁਸੀਂ ਜ਼ਬਰਦਸਤੀ ਲੋਕਾਂ ਨੁੰ ਡਰਾ ਨਹੀਂ ਸਕਦੇ। ਉਹਨਾਂ ਕਿਹਾ ਕਿ ਹੁਣ ਇਹ ਮੁਕੱਦਮਾ ਦਰਜ ਕੀਤੇ ਜਾਣ ਤੋਂ ਬਾਅਦ ਉੱਤਰਾਖੰਡ ਤੇ ਯੂ ਪੀ ਤੋਂ ਹੋਰ ਲੋਕ ਦਿੱਲੀ ਬਾਰਡਰਾਂ ‘ਤੇ ਕਿਸਾਨ ਧਰਨਿਆਂ ਵਿਚ ਪੁੱਜਣਗੇ।