ਭੁਬਨੇਸ਼ਵਰ, 10 ਜੂਨ
ਆਕਾਸ਼ਦੀਪ ਸਿੰਘ ਦੀ ਹੈਟ੍ਰਿਕ ਨਾਲ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਭਾਰਤ ਨੇ ਐਫਆਈਐਚ ਸੀਰੀਜ਼ ਫਾਈਨਲਜ਼ ਹਾਕੀ ਟੂਰਨਾਮੈਂਟ ਵਿੱਚ ਅੱਜ ਇੱਥੇ ਉਜ਼ਬੇਕਿਸਤਾਨ ਨੂੰ 10-0 ਗੋਲਾਂ ਨਾਲ ਤਕੜੀ ਹਾਰ ਦੇ ਕੇ ਸੈਮੀ ਫਾਈਨਲ ਵਿੱਚ ਥਾਂ ਪੱਕੀ ਕੀਤੀ।
ਆਕਾਸ਼ਦੀਪ ਨੇ ਮੈਚ ਦੇ 11ਵੇਂ, 26ਵੇਂ ਅਤੇ 53ਵੇਂ ਮਿੰਟ ਵਿੱਚ ਗੋਲ ਕੀਤੇ, ਜਦਕਿ ਵਰੁਣ ਕੁਮਾਰ (ਚੌਥੇ ਅਤੇ 22ਵੇਂ ਮਿੰਟ), ਮਨਦੀਪ ਸਿੰਘ (30ਵੇਂ ਅਤੇ 60ਵੇਂ) ਨੇ ਭਾਰਤ ਲਈ ਦੋ-ਦੋ ਗੋਲ ਕੀਤੇ। ਅਮਿਤ ਰੋਹਿਦਾਸ (15ਵੇਂ ਮਿੰਟ), ਨੀਲਕਾਂਤ ਸ਼ਰਮਾ (27ਵੇਂ ਮਿੰਟ) ਅਤੇ ਗੁਰਸਾਹਿਬਜੀਤ ਸਿੰਘ (45ਵੇਂ ਮਿੰਟ) ਨੇ ਇੱਕ-ਇੱਕ ਗੋਲ ਦਾਗ਼ਿਆ।
ਭਾਰਤੀ ਟੀਮ ਪੂਲ ‘ਏ’ ਦੇ ਸਾਰੇ ਮੁਕਾਬਲੇ ਜਿੱਤ ਕੇ ਸੂਚੀ ਵਿੱਚ ਚੋਟੀ ’ਤੇ ਰਹੀ। ਸ਼ੁੱਕਰਵਾਰ ਨੂੰ ਹੋਣ ਵਾਲੇ ਸੈਮੀ ਫਾਈਨਲ ਵਿੱਚ ਉਸ ਦਾ ਸਾਹਮਣਾ ਜਾਪਾਨ ਅਤੇ ਪੋਲੈਂਡ ਵਿਚਾਲੇ ਹੋਣ ਵਾਲੇ ਕ੍ਰਾਸਓਵਰ ਮੈਚ ਦੇ ਜੇਤੂ ਨਾਲ ਹੋਵੇਗਾ। ਪੂਲ ‘ਬੀ’ ਵਿੱਚ ਚੋਟੀ ’ਤੇ ਰਹੇ ਅਮਰੀਕਾ ਦਾ ਸੈਮੀ ਫਾਈਨਲ ਵਿੱਚ ਸਾਹਮਣਾ ਰੂਸ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੇ ਕ੍ਰਾਸ ਓਵਰ ਮੈਚ ਦੇ ਜੇਤੂ ਨਾਲ ਹੋਵੇਗਾ। ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਰਵੱਈਆ ਅਪਣਾਇਆ ਅਤੇ ਮੈਚ ਦੇ ਜ਼ਿਆਦਾਤਰ ਸਮੇਂ ਤੱਕ ਗੇਂਦ ਉਜ਼ਬੇਕਿਸਤਾਨ ਦੇ ਕੋਲ ਰਹੀ। ਸ਼ੁਰੂਆਤੀ ਚਾਰ ਮਿੰਟ ਵਿੱਚ ਹੀ ਭਾਰਤੀ ਟੀਮ ਨੂੰ ਪੰਜ ਪੈਨਲਟੀ ਕਾਰਨਰ ਮਿਲੇ, ਜਿਸ ਵਿੱਚੋਂ ਟੀਮ ਨੂੰ ਪਹਿਲੀ ਸਫਲਤਾ ਪੰਜਵੇਂ ਪੈਨਲਟੀ ਕਾਰਨਰ ’ਤੇ ਮਿਲੀ। ਵਰੁਣ ਦੇ ਇਸ ਗੋਲ ਨਾਲ ਭਾਰਤ ਨੇ ਖਾਤਾ ਖੋਲ੍ਹਿਆ।
ਇਸ ਮਗਰੋਂ ਸਕੋਰ-ਸ਼ੀਟ ਵਿੱਚ ਨਾਮ ਦਰਜ ਕਰਵਾਉਣ ਦੀ ਵਾਰੀ ਆਕਾਸ਼ਦੀਪ ਦੀ ਸੀ, ਜਿਸ ਨੇ 11ਵੇਂ ਮਿੰਟ ਵਿੱਚ ਰੀਬਾਊਂਡ ’ਤੇ ਗੋਲ ਕਰਕੇ ਭਾਰਤ ਦੀ ਲੀਡ ਨੂੰ ਦੁੱਗਣਾ ਕਰ ਦਿੱਤਾ। ਚਾਰ ਮਿੰਟ ਮਗਰੋਂ ਰੋਹਿਦਾਸ ਦੇ ਗੋਲ ਨਾਲ ਭਾਰਤੀ ਟੀਮ ਨੇ ਪਹਿਲੇ ਕੁਆਰਟਰ ਵਿੱਚ 3-0 ਦੀ ਲੀਡ ਹਾਸਲ ਕਰ ਲਈ। ਭਾਰਤੀ ਟੀਮ ਨੇ ਦੂਜੇ ਕੁਆਰਟਰ ਵਿੱਚ ਵੀ ਗੋਲ ਦਾ ਮੀਂਹ ਜਾਰੀ ਰੱਖਿਆ ਅਤੇ ਚਾਰ ਗੋਲ ਦਾਗ਼ੇ।
ਵਰੁਣ ਨੇ 22ਵੇਂ ਮਿੰਟ ਵਿੱਚ ਆਪਣਾ ਦੂਜਾ ਗੋਲ ਕੀਤਾ, ਜਦਕਿ ਇਸ ਦੇ ਚਾਰ ਮਿੰਟ ਮਗਰੋਂ ਆਕਾਸ਼ਦੀਪ ਨੇ ਰੀਵਰਸ ਹਿੱਟ ਨਾਲ ਗੇਂਦ ਨੂੰ ਉਜ਼ਬੇਕਿਸਤਾਨ ਦੀ ਗੋਲ-ਪੋਸਟ ਵਿੱਚ ਭੇਜਿਆ। ਅਗਲੇ ਹੀ ਮਿੰਟ ਨੀਲਕਾਂਤ ਨੇ ਸ਼ਾਰਟ ਕਾਰਨਰ ਦੇ ਰੀਬਾਊਂਡ ਨੂੰ ਗੋਲ ਵਿੱਚ ਬਦਲ ਕੇ ਭਾਰਤੀ ਲੀਡ ਨੂੰ 6-0 ਕਰ ਦਿੱਤਾ। ਇਸ ਮਗਰੋਂ ਅੱਧ ਤੋਂ ਪਹਿਲਾਂ ਰਮਨਦੀਪ ਸਿੰਘ ਦੇ ਪਾਸ ਨੂੰ ਮਨਦੀਪ ਸਿੰਘ ਨੇ ਗੋਲ ਵਿੱਚ ਬਦਲ ਦਿੱਤਾ। ਅੱਧੇ ਮੈਚ ਮਗਰੋਂ ਤੀਜੇ ਕੁਆਰਟਰ ਵਿੱਚ ਵੀ ਭਾਰਤ ਨੇ ਆਪਣਾ ਦਬਦਬਾ ਜਾਰੀ ਰੱਖਿਆ, ਪਰ ਇਸ ਕੁਆਰਟਰ ਵਿੱਚ ਟੀਮ ਨੂੰ ਇੱਕ ਹੀ ਸਫਲਤਾ ਮਿਲੀ।
ਸੁਮੀਤ ਦੇ ਪਾਸ ’ਤੇ ਗੁਰਸਾਹਿਬਜੀਤ ਦੇ ਗੋਲ ਨਾਲ 45ਵੇਂ ਮਿੰਟ ਵਿੱਚ ਭਾਰਤ ਦੀ ਲੀਡ 8-0 ਹੋ ਗਈ। ਆਖ਼ਰੀ ਕੁਆਰਟਰ ਵਿੱਚ ਆਕਾਸ਼ਦੀਪ ਨੇ ਆਪਣੀ ਹੈਟ੍ਰਿਕ ਪੂਰੀ ਕੀਤੀ ਤਾਂ ਮਨਦੀਪ ਨੇ ਆਪਣਾ ਦੂਜਾ ਗੋਲ ਦਾਗ਼ਿਆ। ਪੂਰੇ 60 ਮਿੰਟ ਤੱਕ ਉਜ਼ਬੇਕਿਸਤਾਨ ਦੀ ਟੀਮ ਇੱਕ ਵਾਰ ਵੀ ਭਾਰਤ ਨੂੰ ਚੁਣੌਤੀ ਨਹੀਂ ਦੇ ਸਕੀ। ਭਾਰਤੀ ਟੀਮ ਨੂੰ 12 ਪੈਨਲਟੀ ਕਾਰਨਰ ਮਿਲੇ, ਜਦਕਿ ਵਿਰੋਧੀ ਟੀਮ ਨੂੰ ਇੱਕ ਵੀ ਪੈਨਲਟੀ ਕਾਰਨਰ ਨਹੀਂ ਮਿਲਿਆ।