ਮਾਨਸਾ, 23 ਅਕਤੂਬਰ

ਪੰਜਾਬ ਵਿਚ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਭਾਵੇਂ ਵੀਰਵਾਰ ਤੋਂ ਮਾਲ‌ ਗੱਡੀਆਂ ਲਈ‌ ਰੇਲ ਮਾਰਗ ਖੋਲ੍ਹ ਦਿੱਤੇ ਹਨ, ਪਰ ਅੱਜ ਦੁਪਹਿਰ ਤੋਂ ਪਹਿਲਾਂ ਅਚਾਨਕ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿੱਚ ਲੱਗੇ ਪ੍ਰਾਈਵੇਟ ਭਾਈਵਾਲੀ ਵਾਲੇ ਸਭ ਤੋਂ ਵੱਡੇ ‌ਤਾਪਘਰ ‘ਤਲਵੰਡੀ ਸਾਬੋ ਪਾਵਰ ਪਲਾਂਟ’ ਨੂੰ ਜਾਂਦੀਆਂ ਰੇਲਵੇ ਲਾਈਨਾਂ ਰੋਕ ਲਈਆਂ ਹਨ। ਜਥੇਬੰਦੀ ਨੇ ਪਹਿਲਾਂ ਥਰਮਲ ਪਲਾਂਟ ਦੇ ਮੁੱਖ ਗੇਟ ਸਾਹਮਣੇ ਧਰਨਾ ਲਗਾਇਆ ਹੋਇਆ ਸੀ, ਪਰ ਅੱਜ ਅਚਨਚੇਤ ਹੀ ਥਰਮਲ ਨੂੰ ਜਾਂਦੇ ਰੇਲ ਮਾਰਗ ’ਤੇ ਧਰਨਾ ਲਗਾ ਦਿੱਤਾ।

ਇਸ ਧਰਨੇ ਦੇ ਲੱਗਣ ਕਾਰਨ ਤਾਪਘਰ ਲਈ ਕੋਲਾ ਲੈ ਕੇ ਜਾਣ ਆਉਣ ਵਾਲੀਆਂ ਗੱਡੀਆਂ ਮੁੜ ਬੰਦ ਹੋ ਗਈਆਂ ਹਨ। ਕੋਲੇ ਦੀ ਸਪਲਾਈ ਬੰਦ ਹੋ ਜਾਣ ਕਾਰਨ ਪਹਿਲਾਂ ਹੀ ਥਰਮਲ ਦੇ ਤਿੰਨੇ ਹੀ ਯੂਨਿਟ ਬੰਦ ਹੋਏ ਪਏ ਸਨ ਅਤੇ ਇਨ੍ਹਾਂ ’ਚੋਂ ਪਹਿਲਾ ਯੂਨਿਟ ਅੱਜ ਹੀ ਚੱਲਿਆ ਹੈ, ਜਿਸ ਨੂੰ ਰਾਤ ਵੇਲੇ ਪੁੱਜੀ ਰੇਲ ਗੱਡੀ ਰਾਹੀਂ ਹੀ ਕੋਲਾ ਪ੍ਰਾਪਤ ਹੋਇਆ ਹੈ। ਥਰਮਲ ਪਲਾਂਟ ਦੇ ਬੰਦ ਹੋਣ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਇਹ ਜਥੇਬੰਦੀ ਦੀ ਸੂਬਾ ਕਮੇਟੀ ਵਲੋਂ ਲਏ ਗਏ ਫੈਸਲੇ ਮੁਤਾਬਕ ਹੀ ਹੋਇਆ ਹੈ।

ਉਧਰ ‌ਕਿਸਾਨ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਜਥੇਬੰਦੀ ਪੰਜਾਬ ਵਿੱਚ ਪ੍ਰਾਈਵੇਟ ਭਾਈਵਾਲੀ ਵਾਲੇ ਤਾਪਘਰਾਂ ਦੇ ਹੱਕ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਰੇਲ ਗੱਡੀਆਂ ਰਾਹੀਂ ਆਉਂਦੇ ਕੋਲੇ ਨੂੰ ਸਰਕਾਰੀ ਥਰਮਲਾਂ ਲਈ ਭੇਜੇ ਜਾਣ ਦੇ ਹੱਕ ਵਿੱਚ ਹਨ। ਉਧਰ ਦੂਜੇ ਪਾਸੇ ਥਰਮਲ ਪਲਾਂਟ ਦੀਆਂ ਰੇਲਵੇ ਲਾਈਨਾਂ ਉਪਰ ਬੈਠੇ ਕਿਸਾਨਾਂ ਸਬੰਧੀ ਮਾਨਸਾ ਦੇ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਜਥੇਬੰਦੀ ਦੇ ਆਗੂਆਂ ਨਾਲ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ ਅਤੇ ਛੇਤੀ ਹੀ ਮਾਮਲੇ ਨੂੰ ਸਮਝ ਕੇ ਮਸਲਾ ਹੱਲ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।