ਲਖਨਊ, 10 ਮਾਰਚ

ਸਮਾਜਵਾਦੀ ਪਾਰਟੀ ਵੱਲੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ’ਚ ਹੇਰਾਫੇਰੀ ਦੀ ਸ਼ਿਕਾਇਤ ਕੀਤੇ ਜਾਣ ਮਗਰੋਂ ਅੱਜ ਚੋਣ ਕਮਿਸ਼ਨ ਹਰਕਤ ’ਚ ਆਇਆ ਅਤੇ ਉਸ ਨੇ ਵਾਰਾਨਸੀ ਦੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਨਲਿਨੀ ਕਾਂਤ ਸਿੰਘ ਸਮੇਤ ਤਿੰਨ ਅਧਿਕਾਰੀਆਂ ਨੂੰ ਚੋਣ ਡਿਊਟੀ ਤੋਂ ਹਟਾ ਦਿੱਤਾ। ਜ਼ਿਕਰਯੋਗ ਹੈ ਕਿ ਪ੍ਰੋਟੋਕੋਲ ਦਾ ਪਾਲਣ ਕੀਤੇ ਬਿਨਾਂ ਈਵੀਐੱਮਜ਼ ਨੂੰ ਲਿਜਾਣ ਕਾਰਨ ਹੰਗਾਮਾ ਖੜ੍ਹਾ ਹੋਇਆ ਸੀ। ਨਲਿਨੀ ਕਾਂਤ ਸਿੰਘ ਦੀ ਥਾਂ ’ਤੇ ਸੰਜੈ ਕੁਮਾਰ ਨੂੰ ਈਵੀਐੱਮਜ਼ ਲਈ ਨੋਡਲ ਅਫ਼ਸਰ ਬਣਾਇਆ ਗਿਆ ਹੈ। ਬਰੇਲੀ ’ਚ ਵਧੀਕ ਚੋਣ ਅਧਿਕਾਰੀ ਵੀ ਕੇ ਸਿੰਘ ’ਤੇ ਵੀ ਗਾਜ਼ ਡਿੱਗੀ ਹੈ। ਬਹੇੜੀ ਇਲਾਕੇ ’ਚ ਕੂੜੇ ਦੇ ਢੇਰ ਅੰਦਰ ਬੈਲੇਟ ਬਾਕਸ ਅਤੇ ਹੋਰ ਚੋਣ ਸਮੱਗਰੀ ਮਿਲਣ ਮਗਰੋਂ ਉਸ ਖ਼ਿਲਾਫ਼ ਕਾਰਵਾਈ ਹੋਈ ਹੈ। ਸੋਨਭੱਦਰ ਜ਼ਿਲ੍ਹੇ ਦੇ ਘੋਰਾਵਾਲ ਦੇ ਰਿਟਰਨਿੰਗ ਅਫ਼ਸਰ ਰਮੇਸ਼ ਕੁਮਾਰ ਦੀ ਕਾਰ ’ਚੋਂ ਬੈਲੇਟ ਪੇਪਰ ਮਿਲਣ ਮਗਰੋਂ ਡਿਊਟੀ ਤੋਂ ਹਟਾਇਆ ਗਿਆ ਹੈ। ਵਾਰਾਨਸੀ ’ਚ ਪੁਲੀਸ ਨੇ ਈਵੀਐੱਮਜ਼ ਨੂੰ ਲਿਜਾਣ ਸਮੇਂ ਹੋਈ ਹਿੰਸਾ ਲਈ 300 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।