ਨਵੀਂ ਦਿੱਲੀ, 12 ਮਾਰਚ
ਕਾਂਗਰਸ ਨੇ ਈਪੀਐੱਫ ਵਿਆਜ ਦਰਾਂ ਵਿੱਚ ਕਟੌਤੀ ਨੂੰ ਅਸੈਂਬਲੀ ਚੋਣਾਂ ਵਿੱਚ ਮਿਲੀ ਜਿੱਤ ਮਗਰੋਂ ਭਾਜਪਾ ਦਾ ‘ਰਿਟਰਨ ਗਿਫ਼ਟ’ ਕਰਾਰ ਦਿੱਤਾ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਚੁਟਕੀ ਲੈਂਦਿਆਂ ਕਿਹਾ, ‘‘ਦੇਸ਼ ਦੇ 84 ਫੀਸਦ ਲੋਕਾਂ ਦੀ ਆਮਦਨ ਘਟੀ ਹੈ। ਚੋਣ ਜਿੱਤ ਦੇ ਆਧਾਰ ’ਤੇ ਕਰੋੜਾਂ ਮੁਲਾਜ਼ਮਾਂ ਦੀ ਬੱਚਤਾਂ ’ਤੇ ਹਮਲਾ ਕਰਨਾ ਕੀ ਸਹੀ ਹੈ?’’ ਈਪੀਐੱਫਓ ਨੇ ਮੁਲਾਜ਼ਮਾਂ ਦੇ ਪ੍ਰੋਵੀਡੈਂਟ ਫੰਡ ਵਿੱਚ ਜਮ੍ਹਾਂ ਰਾਸ਼ੀ ’ਤੇ ਮਿਲਦੇ ਵਿਆਜ ਵਿੱਚ ਕਟੌਤੀ ਕਰਦਿਆਂ ਇਸ ਨੂੰ ਪਿਛਲੇ ਦਸ ਸਾਲਾਂ ’ਚ ਸਭ ਤੋਂ ਹੇਠਲੇ ਪੱਧਰ ’ਤੇ ਲੈ ਆਂਦਾ ਹੈ। ਕੀ ਇਹ ਭਾਜਪਾ ਦੀ ਜਿੱਤ ਦਾ ‘ਮੋੜਵਾਂ ਤੋਹਫਾ’ ਹੈ।’’ ਦੱਸ ਦੇਈਏ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਅੱਜ ਵਿੱਤੀ ਸਾਲ 2021-22 ਲਈ ਪ੍ਰਾਵੀਡੈਂਟ ਫੰਡ (ਈਪੀਐੱਫ) ਜਮ੍ਹਾਂ ’ਤੇ ਵਿਆਜ ਦਰ ਨੂੰ ਘਟਾ ਕੇ 8.1 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ। 2020-21 ਵਿੱਚ ਇਹ ਦਰ 8.5 ਪ੍ਰਤੀਸ਼ਤ ਸੀ। ਇਹ ਚਾਰ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਸਭ ਤੋਂ ਘੱਟ ਵਿਆਜ ਦਰ ਹੈ।