ਰਾਏਪੁਰ/ਦੁਰਗ, 24 ਅਗਸਤ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਰਾਏਪੁਰ ਅਤੇ ਦੁਰਗ ਜ਼ਿਲ੍ਹਿਆਂ ’ਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਸਿਆਸੀ ਸਲਾਹਕਾਰ ਵਿਨੋਦ ਵਰਮਾ ਅਤੇ ਦੋ ਓਐੱਸਡੀਜ਼ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੁਰਗ ਵਿੱਚ ਇੱਕ ਕਾਰੋਬਾਰੀ ਦੇ ਟਿਕਾਣਿਆਂ ’ਤੇ ਵੀ ਛਾਪੇ ਮਾਰੇ ਗਏ ਹਨ। ਹਾਲੇ ਤੱਕ ੲਿਹ ਪਤਾ ਨਹੀਂ ਲੱਗ ਸਕਿਆ ਕਿ ੲਿਹ ਛਾਪੇ ਕਿਸ ਕੇਸ ਦੇ ਸਬੰਧ ’ਚ ਮਾਰੇ ਗਏ ਹਨ।

ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਨੋਦ ਵਰਮਾ ਦੀ ਰਾਜਧਾਨੀ ਰਾਏਪੁਰ ਦੇ ਦੇਵੇਂਦਰ ਨਗਰ ਵਿੱਚ ਆਫੀਸਰਜ਼ ਕਲੋਨੀ ਸਥਿਤ ਰਿਹਾੲਿਸ਼ ’ਤੇ ਜਦਕਿ ਓਐੱਸਡੀ ਅਸ਼ੀਸ਼ ਵਰਮਾ ਅਤੇ ਮਨੀਸ਼ ਬੰਛੋੜ ਦੇ ਦੁਰਗ ’ਚ ਭਿਲਈ ਸਥਿਤ ਘਰਾਂ ’ਤੇ ਅੱਜ ਨੀਮ ਫੌਜੀ ਬਲਾਂ ਦੇ ਕੁਝ ਜਵਾਨ ਦਿਖਾਈ ਦਿੱਤੇ। ਭਿਲਾਈ ਦੇ ਨਹਿਰੂ ਨਗਰ ਇਲਾਕੇ ’ਚ ਕਾਰੋਬਾਰੀ ਵਿਜੈ ਭਾਟੀਆ ਦੀ ਰਿਹਾਇਸ਼ ਦੇ ਬਾਹਰ ਵੀ ਸੁਰੱਖਿਆ ਜਵਾਨ ਦੇਖੇ ਗਏ।

ਇਸੇ ਦੌਰਾਨ ਅਸ਼ੀਸ਼ ਵਰਮਾ ਤੇ ਬੰਛੋੜ ਦੇ ਸਮਰਥਕ ਉਨ੍ਹਾਂ ਦੇ ਘਰਾਂ ਦੇ ਬਾਹਰ ਇਕੱਠੇ ਹੋ ਗਏ ਅਤੇ ਕੇਂਦਰ ’ਚ ਸੱਤਾਧਾਰੀ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਉਸ ’ਤੇ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ਼ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ। ਮਨੀਸ਼ ਬੰਛੋੜ, ਜੋ ਕਿ ਐੱਸਏਆਈਐੱਲ ਭਿਲਾਈ ਸਥਿਤ ਸਟੀਲ ਪਲਾਂਟ ’ਚ ਇੱਕ ਮੁਲਾਜ਼ਮ ਹੈ, ਨੂੰ ਡੈਪੂੁਟੇਸ਼ਨ ’ਤੇ ਮੁੱਖ ਮੰਤਰੀ ਦਾ ਓਐੈੱਸਡੀ ਲਾਇਆ ਗਿਆ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਛੱਤੀਸਗੜ੍ਹ ’ਚ ਕਥਿਤ ਕੋਲਾ ਘੁਟਾਲੇ, ਸ਼ਰਾਬ ਘੁਟਾਲੇ, ਡੀਐੱਮਐੱਫ ਵਿੱਚ ਬੇਨੇਮੀਆਂ ਅਤੇ ਇੱਕ ਆਨਲਾਈਨ ਸੱਟੇਬਾਜ਼ੀ ਨਾਲ ਸਬੰਧਤ ਵੱਖ-ਵੱਖ ਕੇਸਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਲੰਘੇ ਦੋ ਦਿਨਾਂ ਤੋਂ ਈਡੀ ਵੱਲੋਂ ਆਈਲਾਈਨ ਸੱਟੇਬਾਜ਼ੀ ਸਰਗਰਮੀਆਂ ਦੇ ਸਬੰਧ ’ਚ ਰਾਏਪੁਰ ਅਤੇ ਦੁਰਗ ’ਚ ਕਈ ਥਾਵਾਂ ’ਤੇ ਛਾਪੇ ਮਾਰੇ ਗਏ ਹਨ।