ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ‘ਇੱਕ ਦੇਸ਼, ਇੱਕ ਚੋਣ’ ਸਬੰਧੀ ਬਿੱਲ ਸੋਮਵਾਰ ਨੂੰ ਲੋਕ ਸਭਾ ’ਚ ਪੇਸ਼ ਕੀਤੇ ਜਾਣਗੇ। ਸਰਕਾਰ ਨੇ ਇਸ ਸਬੰਧੀ ਦੋ ਬਿੱਲ ਸੂਚੀਬੱਧ ਕੀਤੇ ਹਨ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਹੇਠਲੇ ਸਦਨ ’ਚ ਸੰਵਿਧਾਨਕ (129ਵੀਂ ਸੋਧ) ਬਿੱਲ ਅਤੇ ਕੇਂਦਰ ਸ਼ਾਸਿਤ ਕਾਨੂੰਨਾਂ ਬਾਰੇ ਸੋਧ ਬਿੱਲ ਪੇਸ਼ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਵੀਰਵਾਰ ਨੂੰ ‘ਇੱਕ ਦੇਸ਼, ਇੱਕ ਚੋਣ’ ਸੁਧਾਰ ਨੂੰ ਮਨਜ਼ੂਰੀ ਦਿੱਤੀ ਸੀ। ਕੇਂਦਰ ਮੁਤਾਬਕ ਇਹ ਕਾਨੂੰਨ ਨਾ ਸਿਰਫ਼ ਚੋਣ ਅਮਲ ਨੂੰ ਸੁਚਾਰੂ ਬਣਾਏਗਾ ਸਗੋਂ ਵੱਖ ਵੱਖ ਸਮੇਂ ’ਤੇ ਕਈ ਚੋਣਾਂ ਕਰਾਉਣ ਨਾਲ ਜੁੜਿਆ ਵਿੱਤੀ ਅਤੇ ਪ੍ਰਸ਼ਾਸਨਿਕ ਬੋਝ ਵੀ ਘਟੇਗਾ। ਉਂਜ ਕੁਝ ਲੋਕਾਂ ਨੇ ਦਲੀਲ ਦਿੱਤੀ ਹੈ ਕਿ ਇਕੱਠਿਆਂ ਚੋਣਾਂ ਕਰਾਉਣ ਨਾਲ ਕਈ ਤਰ੍ਹਾਂ ਦੀਆਂ ਸੰਵਿਧਾਨਕ ਚੁਣੌਤੀਆਂ ਪੈਦਾ ਹੋ ਸਕਦੀਆਂ ਹਨ।