ਖ਼ਵਾਜਾ ਅਹਿਮਦ ਅੱਬਾਸ
ਬਾਦਸ਼ਾਹ ਤਖ਼ਤ ’ਤੇ ਬੈਠਾ ਸੀ। ਉਸ ਦੇ ਸਿਰ ’ਤੇ ਸੁਨਹਿਰੀ ਤਾਜ ਸੀ। ਉਸ ਦੇ ਸਰੀਰ ’ਤੇ ਰੇਸ਼ਮੀ ਪੁਸ਼ਾਕ ਸੀ। ਉਸ ਦੇ ਪੈਰਾਂ ਵਿੱਚ ਜ਼ਰੀਦਾਰ (ਸੋਨੇ ਦੀ ਤਾਰ ਨਾਲ ਕੱਢੀ) ਜੁੱਤੀ ਸੀ। ਤਖ਼ਤ ਦੇ ਹੇਠਾਂ ਸ਼ੇਰ ਦੀ ਖੱਲ ਵਿਛੀ ਹੋਈ ਸੀ ਅਤੇ ਬਾਦਸ਼ਾਹ ਦੇ ਪੈਰ ਮਰੇ ਹੋਏ ਸ਼ੇਰ ਦੇ ਸਿਰ ’ਤੇ ਰੱਖੇ ਹੋਏ ਸਨ। ਸਿਪਾਹਸਲਾਰ, ਵਜ਼ੀਰ ਅਮੀਰ ਅਤੇ ਦਰਬਾਰੀ ਬਾਦਸ਼ਾਹ ਸਾਹਮਣੇ ਹੱਥ ਬੰਨ੍ਹੀ ਸਿਰ ਝੁਕਾਈ ਖੜ੍ਹੇ ਸਨ। ਕਿਸੇ ਦੀ ਹਿੰਮਤ ਨਹੀਂ ਸੀ ਕਿ ਸਿਰ ਚੁੱਕ ਸਕੇ। ਹਰ ਕੋਈ ਸ਼ਾਹੀ ਹੁਕਮ ਦੀ ਉਡੀਕ ਵਿੱਚ ਸੀ। ਅਚਾਨਕ ਬਾਦਸ਼ਾਹ ਨੇ ਤਾੜੀ ਵਜਾਈ ਅਤੇ ਉਸ ਦੇ ਦੋਵਾਂ ਹੱਥਾਂ ਦੀਆਂ ਉਂਗਲੀਆਂ ਦੇ ਹੀਰੇ ਚਮਕ ਉੱਠੇ। ਬਾਦਸ਼ਾਹ ਨੇ ਹੁਕਮ ਦਿੱਤਾ, ‘ਰਕਾਸਾ!’
ਇੱਕ ਤੋਂ ਬਾਅਦ ਦੂਜਾ, ਪਰਦੇ ਖੁੱਲ੍ਹਦੇ ਗਏ ਅਤੇ ਉਨ੍ਹਾਂ ਵਿੱਚੋਂ ਇੱਕ ਨਰਤਕੀ ਇਸ ਤਰ੍ਹਾਂ ਪ੍ਰਗਟ ਹੋਈ, ਜਿਵੇਂ ਬੱਦਲਾਂ ਵਿੱਚੋਂ ਬਿਜਲੀ ਲਿਸ਼ਕਦੀ ਹੈ, ਤਖ਼ਤ ਦੇ ਸਾਹਮਣੇ ਪਹੁੰਚ ਕੇ ਉਸ ਨੇ ਸੱਤ ਵਾਰ ਝੁਕ ਕੇ ਸਲਾਮ ਕੀਤਾ ਅਤੇ ਫਿਰ ਦੀਵਾਨੇ ਖ਼ਾਸ ਦੀਆਂ ਮਰਮਰੀ ਕੰਧਾਂ ਅਤੇ ਸੁਨਹਿਰੀ ਚਿੱਤਰਕਾਰੀ ਨਾਲ ਸਜੀ ਛੱਤ ਸੰਗੀਤ ਦੀ ਧੁਨੀ ਨਾਲ ਗੂੰਜ ਉੱਠੀ। ਰਾਗ–ਰੰਗ ਦੀ ਮਹਿਫ਼ਲ ਗਰਮ ਹੋ ਗਈ।
ਨਰਤਕੀ ਦੀਆਂ ਅੱਖਾਂ ਵਿੱਚ ਜਾਦੂ ਸੀ। ਉਸ ਦੀਆਂ ਅਦਾਵਾਂ ਦਿਲਕਸ਼ ਸਨ ਅਤੇ ਆਵਾਜ਼ ਵਿੱਚ ਬਲਾ ਦੀ ਤਰੰਨਮ। ਉਸ ਦੇ ਨਾਚ ਵਿੱਚ ਕਦੇ ਮੋਰਨੀ ਦੀ ਚਾਲ ਸੀ ਅਤੇ ਕਦੇ ਨਾਗਿਨ ਦੀ ਲਹਿਰ। ਕਦੇ ਸ਼ੋਅਲੇ ਦੀ ਲਪਕ ਸੀ ਅਤੇ ਕਦੇ ਫੁੱਲ ਦੀ ਟਹਿਣੀ ਦੀ ਥਰਥਰਾਹਟ। ਕਦੇ ਸ਼ਰਮੋ–ਹਯਾ ਦਾ ਅੰਦਾਜ਼, ਕਦੇ ਹਵਸ ਦੀ ਦਾਅਵਤ, ਪਰ ਭਰੇ ਦਰਬਾਰ ਵਿੱਚ ਕਿਸੇ ਦੀ ਹਿੰਮਤ ਨਹੀਂ ਸੀ ਕਿ ਉਸ ਵੱਲ ਅੱਖ ਚੁੱਕ ਕੇ ਵੀ ਦੇਖ ਸਕੇ। ਸਿਰਫ਼ ਬਾਦਸ਼ਾਹ ਆਪਣੇ ਤਖ਼ਤ ’ਤੇ ਬੈਠਾ ਹੋਇਆ, ਮੁੱਛਾਂ ਨੂੰ ਤਾਅ ਦਿੰਦਾ ਹੋਇਆ ਨਰਤਕੀ ਦੀ ਕਲਾ ਨਾਲ ਆਨੰਦਿਤ ਅਤੇ ਪ੍ਰਸੰਨਿਤ ਹੋ ਰਿਹਾ ਸੀ। ਤਬਲੇ ਦੀ ਆਖ਼ਰੀ ਥਾਪ ਅਤੇ ਘੁੰਗਰੂਆਂ ਦੀ ਜ਼ੋਰਦਾਰ ਝਨਕਾਰ ਨਾਲ ਨਾਚ ਖ਼ਤਮ ਹੋ ਗਿਆ। ਬਾਦਸ਼ਾਹ ਨੇ ਖ਼ੁਸ਼ ਹੋ ਕੇ ਆਪਣੇ ਗਲੇ ਵਿੱਚੋਂ ਸੱਤ ਲੜੀਆਂ ਵਾਲਾ ਮੋਤੀਆਂ ਦਾ ਹਾਰ ਲਾਹਿਆ ਅਤੇ ਨਰਤਕੀ ਵੱਲ ਸੁੱਟ ਦਿੱਤਾ। ਨਰਤਕੀ ਨੇ ਹਾਰ ਚੁੱਕ ਲਿਆ ਅਤੇ ਸੱਤ ਵਾਰ ਸਲਾਮ ਕੀਤਾ। ਫਿਰ ਅੱਗੇ ਵਧੀ ਅਤੇ ਬਾਦਸ਼ਾਹ ਦੇ ਕਦਮਾਂ ਨੂੰ ਚੁੰਮ ਕੇ ਬੋਲੀ, ‘ਆਲੀਜਾਹ! ਕਨੀਜ਼ ਆਪਣੀ ਇਸ ਕਦਰ ਅਫ਼ਜ਼ਾਈ ’ਤੇ ਫੁੱਲੀ ਨਹੀਂ ਸਮਾਉਂਦੀ। ਹਜ਼ੂਰ ਦਾ ਇਕਬਾਲ ਬੁਲੰਦ ਹੋਵੇ।’
ਇੱਕ ਭਾਰੀ ਆਵਾਜ਼ ਜਿਹੜੀ, ਬਾਦਸ਼ਾਹ ਦੀ ਆਵਾਜ਼ ਤੋਂ ਜ਼ਿਆਦਾ ਰੋਅਬਦਾਰ ਸੀ, ਗੂੰਜ ਉੱਠੀ, ‘ਕੱਟ!’
ਅਚਾਨਕ ਰੌਸ਼ਨੀਆਂ ਬੁਝਣੀਆਂ ਸ਼ੁਰੂ ਹੋ ਗਈਆਂ। ਦਰਬਾਰੀ ਆਪਣੇ ਰੇਸ਼ਮੀ ਅਤੇ ਮਖਮਲੀ ਕੱਪੜਿਆਂ ਨੂੰ ਸਾਂਭਦੇ, ਆਪਣੀਆਂ ਨਕਲੀ ਦਾੜ੍ਹੀਆਂ ਅਤੇ ਮੁੱਛਾਂ ਖਿੱਚਦੇ, ‘ਐਕਸਟਰਾ ਮੇਕਅੱਪ ਰੂਮ’ ਵੱਲ ਭੱਜੇ।
ਬਾਦਸ਼ਾਹ ਨੇ ਆਪਣੇ ਸਿਰ ਤੋਂ ਤਾਜ ਲਾਹਿਆ ਤਾਂ ਨਕਲੀ ਲੰਬੇ ਵਾਲਾਂ ਦੀ ਵਿੱਗ ਵੀ ਉੱਤਰ ਗਈ। ਮੇਕਅੱਪ–ਮੈਨ ਨੇ ਡਾਂਟ ਕੇ ਕਿਹਾ, ‘ਉਏ ਕੀ ਕਰ ਰਿਹਾ ਏਂ। ਵਿਗ ਸਾਂਭ ਕੇ ਲਾਹ।’
ਬਾਦਸ਼ਾਹ ਨੇ ਘਬਰਾ ਕੇ ਵਿਗ ਨੂੰ ਫਿਰ ਆਪਣੇ ਗੰਜੇ ਸਿਰ ’ਤੇ ਰੱਖਣਾ ਚਾਹਿਆ, ਤਾਂ ਤਾਜ ਧਰਤੀ ’ਤੇ ਡਿੱਗ ਪਿਆ। ਟੀਨ ਦੀ ਛਨਕਾਰ ਨਾਲ ਅਤੇ ਕਿੰਨੇ ਹੀ ਕੱਚ ਦੇ ਟੋਟੇ ਫਰਸ਼ ’ਤੇ ਖਿੱਲਰ ਗਏ।
ਮੇਕਅੱਪ ਰੂਮ ਵਿੱਚ ਪਹੁੰਚ ਕੇ ਬਾਦਸ਼ਾਹ ਨੇ ਆਪਣਾ ਮਖਮਲ ਦਾ ਲਬਾਦਾ ਉਤਾਰਿਆ। ਰੇਸ਼ਮੀ ਕੁੜਤਾ ਲਾਹਿਆ, ਸਾਟਨ ਦੀ ਸਲਵਾਰ ਲਾਹੀ। ਜ਼ਰੀ ਦੀ ਜੁੱਤੀ ਲਾਹੀ ਅਤੇ ਨਾਲ ਹੀ ਰੂੰ ਨਾਲ ਭਰਿਆ ਹੋਇਆ ਆਪਣਾ ਨਕਲੀ ਢਿੱਡ ਵੀ ਲਾਹਿਆ। ਮੇਕਅੱਪ ਮੈਨ ਨੇ ਉਸਦੇ ਚਿਹਰੇ ਤੋਂ ਦਾੜੀ ਅਤੇ ਮੁੱਛਾਂ ਧੂੰਅ ਲਈਆਂ ਅਤੇ ਹੁਣ ਬਾਦਸ਼ਾਹ ਸਿਰਫ਼ ਇੱਕ ਜਾਂਘੀਆ ਪਾਈ ਖੜ੍ਹਾ ਸੀ। ਅਤੇ ਜਾਂਘੀਏ ਤੇ ਤਿੰਨ ਟਾਕੀਆਂ ਲੱਗੀਆਂ ਹੋਈਆਂ ਸਨ ਅਤੇ ਚੰਦ ਮਿੰਟਾਂ ਪਿੱਛੋਂ ਪੁਰਾਣੀ ਰਫੂ ਕੀਤੀ ਹੋਈ ਪੈਂਟ ਅਤੇ ਇੱਕ ਮੈਲੀ ਬੁਰਸ਼ਟ ਪਾਈ ਇੱਕ ਪਤਲਾ, ਸੁੱਕਾ, ਚਿਪਕੀਆਂ ਗੱਲਾਂ ਅਤੇ ਧਸੀਆਂ ਅੱਖਾਂ ਵਾਲਾ ਐਕਸਟਰਾ, ਸਪਲਾਇਰ ਕੋਲੋਂ ਦਿਹਾੜੀ ਦੀ ਮਜ਼ਦੂਰੀ ਦੇ ਪੰਜਾਹ ਰੁਪਏ ਵਸੂਲ ਰਿਹਾ ਸੀ, ਕਿਉਂਕਿ ਸੱਤਰਾਂ ਰੁਪਇਆਂ ਵਿੱਚੋਂ ਵੀਹ ਰੁਪਏ ਕਮਿਸ਼ਨ ਦੇ ਪਹਿਲਾਂ ਹੀ ਕੱਟੇ ਜਾ ਚੁੱਕੇ ਸਨ। ਫਿਰ ਉਸ ਨੇ ਅਸਿਸਟੈਂਟ ਡਾਇਰੈਕਟਰ ਨੂੰ ਸਲਾਮ ਕਰਦਿਆਂ ਹੋਇਆਂ ਪੁੱਛਿਆ, ‘ਸਾਅਬ! ਕੱਲ੍ਹ ਵੀ ਮੇਰਾ ਮੇਕਅੱਪ ਹੈ ਨਾ?’ ਜਵਾਬ ਮਿਲਿਆ, ‘ਨਹੀਂ! ਕੱਲ੍ਹ ਤਾਂ ਅਸੀਂ ਡਾਕੂਆਂ ਦੀ ਗੁਫ਼ਾ ਵਾਲਾ ਸੀਨ ਲੈਣ ਵਾਲੇ ਹਾਂ।’
ਬਾਦਸ਼ਾਹ ਨੇ ਗਿੜਗਿੜਾਉਂਦਿਆਂ ਹੋਇਆਂ ਕਿਹਾ, ‘ਤਾਂ ਸਾਹਿਬ ਮੈਨੂੰ ਡਾਕੂ ਹੀ ਬਣਾ ਦਿਉ। ਬੜੀ ਮਿਹਰਬਾਨੀ ਹੋਵੇਗੀ। ਸੱਚ ਕਹਿੰਦਾ ਹਾਂ, ਦੋ ਮਹੀਨੇ ਵਿੱਚ ਸਿਰਫ਼ ਪੰਜ ਦਿਨ ਮੇਕਅੱਪ ਕੀਤਾ ਹੈ।’
ਅਸਿਸਟੈਂਟ ਨੇ ਡਾਂਟ ਕੇ ਕਿਹਾ, ‘ਪਾਗਲ ਹੋ ਗਿਆ ਏਂ। ਬਈ ਬਾਦਸ਼ਾਹ ਨੂੰ ਡਾਕੂ ਕਿਵੇਂ ਬਣਾ ਦੇਈਏ? ਪਿਕਚਰ ਦੀ ‘ਕੰਟੀਨਿਊਟੀ’ ਖਰਾਬ ਕਰ ਦੇਈਏ ਕੀ?’
ਬਾਦਸ਼ਾਹ ਦੀਆਂ ਅੱਖਾਂ ਵਿੱਚ ਹੰਝੂ ਆ ਗਏ, ‘ਤਿੰਨ ਦਿਨ ਵੀ ਹੋਰ ਕੰਮ ਮਿਲ ਜਾਂਦਾ ਤਾਂ ਮੈਂ ਕਮਰੇ ਦਾ ਕਿਰਾਇਆ ਦੇ ਦਿੰਦਾ। ਬਾਲ–ਬੱਚੇਦਾਰ ਆਦਮੀ ਹਾਂ ਸਾਅਬ ਐਨ ਬਰਸਾਤ ਵਿੱਚ ਮਕਾਨ ਮਾਲਕ ਨੇ ਘਰੋਂ ਕੱਢ ਦਿੱਤਾ, ਤਾਂ ਉਨ੍ਹਾਂ ਨੂੰ ਲੈ ਕੇ ਕਿੱਥੇ ਜਾਵਾਂਗਾ। ਥੋੜ੍ਹਾ ਜਿਹਾ ਐਡਵਾਂਸ ਹੀ ਦਿਵਾ ਦਿਉ ਮੇਰਾ ਕੰਮ ਹੋਰ ਵੀ ਆਵੇਗਾ।’
‘ਨਹੀਂ ਬਈ’ ਅਸਿਸਟੈਂਟ ਨੇ ਕਿਹਾ। ਉਸ ਦਾ ਲਹਿਜ਼ਾ ਹਮਦਰਦੀ ਨਾਲ ਭਰਿਆ ਹੋਇਆ ਸੀ,
‘ਅਸੀਂ ਸਟੋਰੀ ਬਦਲ ਦਿੱਤੀ ਹੈ। ਬਾਦਸ਼ਾਹ ਦਾ ਕੰਮ ਅੱਜ ਖ਼ਤਮ ਹੋ ਗਿਆ।’