ਜਕਾਰਤਾ, 14 ਜੂਨ
ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਿਆ ਸੇਨ ਤੇ ਉਨ੍ਹਾਂ ਦੇ ਹਮਵਤਨ ਕਿਦਾਂਬੀ ਸ੍ਰੀਕਾਂਤ ਨੇ ਅੱਜ ਇੱਥੇ ਆਪਣੇ ਵਿਰੋਧੀਆਂ ਖ਼ਿਲਾਫ਼ ਜਿੱਤ ਦਰਜ ਕਰਨ ਦੇ ਨਾਲ ਇੰਡੋਨੇਸ਼ੀਆ ਓਪਨ ਵਿਸ਼ਵ ਟੂਰ ਸੁਪਰ 1000 ਟੂਰਨਾਮੈਂਟ ਦੇ ਪੁਰਸ਼ਾਂ ਦੇ ਸਿੰਗਲਜ਼ ਦੇ ਦੂਜੇ ਦੌਰ ਵਿੱਚ ਥਾਂ ਬਣਾਈ। ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੇ ਦਾ ਤਗਮਾ ਜੇਤੂ ਤੇ ਦੁਨੀਆ ਦੇ 20ਵੇਂ ਨੰਬਰ ਦੇ ਖਿਡਾਰੀ ਲਕਸ਼ਿਆ ਨੇ ਦੁਨੀਆ ਦੇ 11ਵੇਂ ਸਥਾਨ ਦੇ ਖਿਡਾਰੀ ਮਲੇਸ਼ੀਆ ਦੇ ਜ਼ੀ ਜੀਆ ਲੀ ਖ਼ਿਲਾਫ਼ ਸਿਰਫ਼ 32 ਮਿੰਟ ਵਿੱਚ 21-17 21-13 ਨਾਲ ਜਿੱਤ ਦਰਜ ਕੀਤੀ ਜਦੋਂ ਕਿ ਸ੍ਰੀਕਾਂਤ ਨੇ ਚੀਨ ਦੇ ਗੁਆਂਗ ਜ਼ੂ ਲੂ ਨੂੰ 21-13 21-19 ਨਾਲ ਹਰਾਇਆ। ਦੁਨੀਆ ਦੇ 22ਵੇਂ ਨੰਬਰ ਦੇ ਖਿਡਾਰੀ ਸ੍ਰੀਕਾਂਤ ਨੇ ਇਸ ਤਰ੍ਹਾਂ ਦੁਨੀਆ ਦੇ 13ਵੇਂ ਨੰਬਰ ਦੇ ਖਿਡਾਰੀ ਲੂ ਖ਼ਿਲਾਫ਼ ਦਬਦਬਾ ਬਰਕਰਾਰ ਰੱਖਿਆ। ਸ੍ਰੀਕਾਂਤ ਨੇ ਚੀਨ ਦੇ ਖਿਡਾਰੀ ਖ਼ਿਲਾਫ਼ ਹੁਣ ਤਕ ਆਪਣੇ ਪੰਜੇ ਮੁਕਾਬਲਿਆਂ ਵਿੱਚ ਜਿੱਤ ਦਰਜ ਕੀਤੀ ਹੈ। ਅਗਲੇ ਦੌਰ ਵਿੱਚ ਹਾਲਾਂਕਿ ਲਕਸ਼ਿਆ ਤੇ ਸ੍ਰੀਕਾਂਤ ਆਹਮੋ-ਸਾਹਮਣੇ ਹੋਣਗੇ ਜਿਸ ਨਾਲ ਇਕ ਭਾਰਤੀ ਖਿਡਾਰੀ ਦੀ ਹਾਰ ਤੈਅ ਹੈ। ਭਾਰਤ ਦੇ ਪ੍ਰਿਯਾਂਸ਼ੂ ਰਜਾਵਤ ਨੇ ਵੀ ਦੂਜੇ ਦੌਰ ’ਚ ਥਾਂ ਬਣਾਈ।