ਨਵੀਂ ਦਿੱਲੀ, 27 ਜੁਲਾਈ
ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇੰਡੀਗੋ ਦੇ ਦੋ ਪਾਇਲਟਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਹਨ। ਇੱਕ ਸੀਨੀਅਰ ਅਧਿਕਾਰੀ ਅਨੁਸਾਰ ਇਹ ਮਾਮਲਾ ਪਿਛਲੇ ਮਹੀਨੇ ਅਹਿਮਦਾਬਾਦ ਹਵਾਈ ਅੱਡੇ ’ਤੇ ਜਹਾਜ਼ ਨੂੰ ਉਤਾਰਨ ਵੇਲੇ ਦਾ ਹੈ। ਉਨ੍ਹਾਂ ਦੱਸਿਆ ਕਿ ਡਾਇਰੈਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਪਾਇਲਟ ਇਨ-ਕਮਾਂਡ (ਪੀਆਈਸੀ) ਦਾ ਲਾਇਸੈਂਸ ਤਿੰਨ ਮਹੀਨਿਆਂ, ਜਦਕਿ ਸਹਿ-ਪਾਇਲਟ ਦਾ ਲਾਇਸੈਂਸ ਇੱਕ ਮਹੀਨੇ ਲਈ ਮੁਅੱਤਲ ਕਰ ਦਿੱਤਾ ਹੈ। ਬੰਗਲੂਰੂ ਤੋਂ 15 ਜੂਨ ਨੂੰ ਅਹਿਮਦਾਬਾਦ ਜਾ ਰਹੇ ਇੰਡੀਗੋ ਦੇ ਹਵਾਈ ਜਹਾਜ਼ ਦੇ ਉਤਰਨ ਸਮੇਂ ਉਸ ਦਾ ਪਿਛਲਾ ਹਿੱਸਾ ਜ਼ਮੀਨ ਨਾਲ ਖਹਿ ਗਿਆ ਸੀ, ਜਿਸ ਮਗਰੋਂ ਡੀਜੀਸੀਏ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਇਲਾਵਾ ਜਾਂਚ ਪੂਰੀ ਹੋਣ ਤੱਕ ਦੋਵੇਂ ਪਾਇਲਟਾਂ ਨੂੰ ਉਡਾਣ ਦੀ ਇਜਾਜ਼ਤ ਨਾ ਦੇਣ ਦਾ ਹੁਕਮ ਦਿੱਤਾ ਸੀ।