ਮੁੰਬਈ, 29 ਅਗਸਤ
ਕਾਂਗਰਸ ਦੇ ੲਿਕ ਸੀਨੀਅਰ ਆਗੂ ਨੇ ਅੱਜ ਇੱਥੇ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਗੱਠਜੋੜ ‘ਇੰਡੀਆ’ 31 ਅਗਸਤ ਤੇ ਪਹਿਲੀ ਸਤੰਬਰ ਨੂੰ ਮੁੰਬਈ ਵਿੱਚ ਹੋਣ ਵਾਲੀ ਆਪਣੀ ਤੀਜੀ ਮੀਟਿੰਗ ਵਿੱਚ ‘ਚਲੇ ਜਾਓ ਬੀਜੇਪੀ’ ਦਾ ਹੋਕਾ ਦੇਵੇਗਾ।
ਕਾਂਗਰਸ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ, ‘‘ਭਾਜਪਾ ਦੇ ਜ਼ਾਲਮ ਸ਼ਾਸਨ ਖ਼ਿਲਾਫ਼ ਦੇਸ਼ ਭਰ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਇਕੱਠੀਆਂ ਹੋ ਗਈਆਂ ਹਨ ਅਤੇ ਭਗਵਾਂ ਪਾਰਟੀ ਨੂੰ ਚੁਣੌਤੀ ਦੇਣ ਲਈ ‘ਇੰਡੀਆ’ ਦੇ ਰੂਪ ਵਿੱਚ ਇਕ ਗੱਠਜੋੜ ਤਿਆਰ ਕੀਤਾ ਗਿਆ ਹੈ। ਜਿਵੇਂ ਕਿ ਮਹਾਤਮਾ ਗਾਂਧੀ ਨੇ ਮੁੰਬਈ ਤੋਂ ਬਰਤਾਨਵੀ ਸ਼ਾਸਕਾਂ ਨੂੰ ‘ਭਾਰਤ ਛੱਡੋ’ ਦਾ ਨਾਅਰਾ ਦਿੱਤਾ ਸੀ, ਅਸੀਂ ਵੀ ਮੁੰਬਈ ਮੀਟਿੰਗ ਵਿੱਚ ‘ਚਲੇ ਜਾਓ ਬੀਜੇਪੀ’ ਦਾ ਹੋਕਾ ਦੇਵਾਂਗੇ।’’ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ‘ਇੰਡੀਆ’ ਵਿੱਚ ਕੁਝ ਹੋਰ ਪਾਰਟੀਆਂ ਸ਼ਾਮਲ ਹੋ ਸਕਦੀਆਂ ਹਨ, ਜਿਨ੍ਹਾਂ ’ਚੋਂ ਕੁਝ ਪਾਰਟੀਆਂ ਐੱਨਡੀਏ ਤੋਂ ਵੀ ਹੋਣਗੀਆਂ।
ਪਟੋਲੇ ਨੇ ਕਿਹਾ ਕਿ ‘ਇੰਡੀਆ’ ਦੀ ਇਸ ਮੀਟਿੰਗ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਸੋਨੀਆ ਗਾਂਧੀ ਤੋਂ ਇਲਾਵਾ ਨਿਤੀਸ਼ ਕੁਮਾਰ, ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ ਸਣੇ ਛੇ ਸੂਬਿਆਂ ਦੇ ਮੁੱਖ ਮੰਤਰੀ ਅਤੇ ਵੱਖ-ਵੱਖ ਪਾਰਟੀਆਂ ਦੇ ਪ੍ਰਧਾਨ ਤੇ ਚੋਟੀ ਦੇ ਆਗੂ ਸ਼ਾਮਲ ਹੋਣਗੇ। ਕਾਂਗਰਸੀ ਆਗੂ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਲਈ ਗੱਠਜੋੜ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਾਰੇ ਫੈਸਲਾ ਇਸ ਹਫਤੇ ਦੇ ਅਖੀਰ ਵਿੱਚ ਹੋਣ ਵਾਲੀ ਮੀਟਿੰਗ ’ਚ ਸ਼ਾਮਲ ਸੀਨੀਅਰ ਆਗੂਆਂ ਵਿਚਾਲੇ ਹੋਣ ਵਾਲੀ ਚਰਚਾ ਤੋਂ ਬਾਅਦ ਲਿਆ ਜਾਵੇਗਾ। ਉਨ੍ਹਾਂ ਕਿਹਾ, ‘‘ਹਾਲਾਂਕਿ, ਇਕ ਕਾਂਗਰਸੀ ਵਰਕਰ ਦੇ ਤੌਰ ’ਤੇ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਗੱਠਜੋੜ ਦੇ ਉਮੀਦਵਾਰ ਰਾਹੁਲ ਗਾਂਧੀ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਗੱਠਜੋੜ ਦਾ ਅਧਿਕਾਰਤ ਲੋਗੋ ਵੀ ਜਾਰੀ ਕੀਤਾ ਜਾਵੇਗਾ ਅਤੇ ਵਿਰੋਧੀ ਪਾਰਟੀਆਂ ਦੇ ਆਗੂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਏਜੰਡੇ ’ਤੇ ਚਰਚਾ ਕਰਨਗੇ।
ਇਸ ਗੱਠਜੋੜ ਦੀ ਪਹਿਲੀ ਮੀਟਿੰਗ ਪਟਨਾ ਵਿੱਚ ਜੂਨ ਮਹੀਨੇ ’ਚ ਹੋਈ ਸੀ ਜਦਕਿ ਦੂਜੀ ਮੀਟਿੰਗ ਜੁਲਾਈ ਮਹੀਨੇ ਬੰਗਲੁਰੂ ਵਿੱਚ ਹੋਈ ਸੀ, ਜਿਸ ਵਿੱਚ ਗੱਠਜੋੜ ਦਾ ਨਾਮ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੁਸਿਵ ਅਲਾਇੰਸ’ (ਇੰਡੀਆ) ਤੈਅ ਕੀਤਾ ਗਿਆ ਸੀ। ਇਹ ਗੱਠਜੋੜ 2024 ਦੀਆਂ ਸੰਸਦੀ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਕੌਮੀ ਡੈਮੋਕਰੈਟਿਕ ਗੱਠਜੋੜ (ਐੱਨਡੀਏ) ਦਾ ਮੁਕਾਬਲਾ ਕਰਨ ਲਈ ਬਣਾਇਆ ਗਿਆ ਹੈ।