ਮੁੰਬਈ, 30 ਅਗਸਤ
ਦੇਸ਼ ਵਿੱਚ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਤੇ ਸੱਤਾਧਾਰੀ ਐੱਨਡੀਏ ਵਿਚਾਲੇ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਮੁੰਬਈ ਵਿੱਚ ਪਹਿਲੀ ਸਤੰਬਰ ਨੂੰ ਦੋਹਾਂ ਧਿਰਾਂ ਵੱਲੋਂ ਇਕਸਾਰ ਉਚ ਪੱਧਰੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਵੇਰਵਿਆਂ ਅਨੁਸਾਰ ‘ੲਿੰਡੀਆ’ ਵਲੋਂ ਲੋਕ ਸਭਾ ਚੋਣਾਂ ਲਈ ਗੱਠਜੋੜ ਨੀਤੀ ਤੇ ਸੂਬਿਆਂ ਵਿਚਾਲੇ ਸੀਟਾਂ ਦੀ ਵੰਡ ਬਾਰੇ ਚਰਚਾ ਕੀਤੀ ਜਾਵੇਗੀ। ਇਸ ਮੌਕੇ ‘ਇੰਡੀਆ’ ਦਾ ਨਵਾਂ ਲੋਗੋ ਵੀ ਲਾਂਚ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਮਹਾਰਾਸ਼ਟਰ ਵਿੱਚ ਸੱਤਾਧਾਰੀ ਐੱਨਡੀਏ, ਜਿਸ ’ਚ ਹਾਲ ਹੀ ਵਿੱਚ ਅਜੀਤ ਪਵਾਰ ਦੀ ਅਗਵਾਈ ਵਾਲਾ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਧੜਾ ਸ਼ਾਮਲ ਹੋੲਿਆ ਹੈ, ਵੱਲੋਂ ਵੀ ਇਥੇ ਮੀਟਿੰਗ ਕੀਤੀ ਜਾਵੇਗੀ। ਐੱਨਸੀਪੀ ਦੇ ਸੰਸਦ ਮੈਂਬਰ ਸੁਨੀਲ ਤਤਕਰੇ, ਜੋ ਕਿ ਅਜੀਤ ਪਵਾਰ ਧੜੇ ਦੀ ਪ੍ਰਤੀਨਿਧਤਾ ਕਰਦੇ ਹਨ, ਨੇ ਕਿਹਾ ਕਿ ਸੂਬਾਈ ਸਰਕਾਰ ਦੇ ਗੱਠਜੋੜ ’ਚ ਸ਼ਾਮਲ ਭਾਜਪਾ, ਸ਼ਿਵ ਸੈਨਾ (ਏਕਨਾਥ ਸ਼ਿੰਦੇ ਗਰੁੱਪ) ਤੇ ਐੱਨਸੀਪੀ ਵੱਲੋਂ ਮੀਟਿੰਗ ’ਚ ਸ਼ਿਰਕਤ ਕੀਤੀ ਜਾਵੇਗੀ। ਜਦੋਂ ਉਨ੍ਹਾਂ ਨੂੰ ਮੀਟਿੰਗ ਦਾ ਸਮਾਂ ‘ਇੰਡੀਆ’ ਗੱਠਜੋੜ ਦੀ ਮੀਟਿੰਗ ਨਾਲ ਮੇਲ ਖਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੀ ਮੀਟਿੰਗ ਦੀ ਯੋਜਨਾ ਕੋਆਰਡੀਨੇਸ਼ਨ ਕਮੇਟੀ ਨੇ ਸੂਬਾਈ ਮੌਨਸੂਨ ਸੈਸ਼ਨ ਤੋਂ ਪਹਿਲਾਂ ਹੀ ਬਣਾ ਲਈ ਸੀ। ੲਿਸ ਲਈ ੲਿਹ ਗੱਲ ਤਰਕਹੀਣ ਹੈ ਕਿ ਉਨ੍ਹਾਂ ਦੀ ਮੀਟਿੰਗ ਦਾ ਸਮਾਂ ‘ਇੰਡੀਆ’ ਦੀ ਮੀਟਿੰਗ ਨਾਲ ਮਿਲਦਾ ਹੈ। ਇਕ ਹੋਰ ਜਾਣਕਾਰੀ ਅਨੁਸਾਰ ਸੀਨੀਅਰ ਕਾਂਗਰਸ ਆਗੂ ਅਸ਼ੋਕ ਚਵਾਨ ਨੇ ਪੁਸ਼ਟੀ ਕੀਤੀ ਕਿ ‘ਇੰਡੀਆ’ ਦੀ ਮੀਟਿੰਗ ’ਚ 26 ਤੋਂ 27 ਵਿਰੋਧੀ ਧਿਰਾਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ। ਇਸ ਸਬੰਧ ’ਚ ਗੈਰਰਸਮੀ ਮੀਟਿੰਗ 31 ਅਗਸਤ ਦੀ ਸ਼ਾਮ ਨੂੰ ਕੀਤੀ ਜਾਵੇਗੀ ਤੇ ਰਸਮੀ ਮੀਟਿੰਗ ਪਹਿਲੀ ਸਤੰਬਰ ਨੂੰ ਹੋਵੇਗੀ। ੲਿਸੇ ਦੌਰਾਨ ਐੱਨਸੀਪੀ ਆਗੂ ਸ਼ਰਦ ਪਵਾਰ ਨੇ ਇੰਡੀਆ ਗੱਠਜੋੜ ਦੀ ਮੀਟਿੰਗ ਵਾਲੇ ਸਥਾਨ ਦਾ ਦੌਰਾ ਕੀਤਾ ਤੇ ਮੀਟਿੰਗ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਦੱਸਣਯੋਗ ਹੈ ਕਿ ਇੰਡੀਆ ਦੀ ਮੀਟਿੰਗ ਮੁਬੰਈ ਦੇ ਨੀਮ ਸ਼ਹਿਰੀ ਇਲਾਕੇ ਦੇ ਇਕ ਲਗਜ਼ਰੀ ਹੋਟਲ ਵਿੱਚ ਹੋਣੀ ਹੈ।
ਉੱਧਰ, ਮਹਾਰਾਸ਼ਟਰ ਕਾਂਗਰਸ ਨੇ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ, ਜਿਨ੍ਹਾਂ ਦੀ ਸੰਸਦ ਮੈਂਬਰੀ ਹਾਲ ਹੀ ਵਿੱਚ ਬਹਾਲ ਹੋਈ ਹੈ, ਦੇ ਇਥੇ ਪੁੱਜਣ ’ਤੇ ਭਰਵੇਂ ਸਵਾਗਤ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਸੂਬਾਈ ਮੁਖੀ ਨਾਨਾ ਪਟੋਲੇ ਨੇ ਕਿਹਾ ਕਿ ਮੋਦੀ ਸਰਕਾਰ ਨੇ ਬਦਲੇ ਦੀ ਰਾਜਨੀਤੀ ਤਹਿਤ ਰਾਹੁਲ ਗਾਂਧੀ ਨੂੰ ਬਤੌਰ ਸੰਸਦ ਮੈਂਬਰ ਅਯੋਗ ਠਹਿਰਾ ਦਿੱਤਾ ਸੀ।