ਨਵੀਂ ਦਿੱਲੀ/ਪੁਣੇ: ਭਾਜਪਾ ਨੇ ਵਿਰੋਧੀ ਧਿਰਾਂ ਦੀ ਸ਼ਮੂਲੀਅਤ ਵਾਲੇ ‘ਇੰਡੀਆ’ ਗੱਠਜੋੜ ਨੂੰ ‘ਸੁਆਰਥੀ ਗੱਠਜੋੜ’ ਕਰਾਰ ਦਿੱਤਾ ਹੈ, ਜਿਸ ਦਾ ਇਕੋ ਇਕ ਨਿਸ਼ਾਨਾ ਆਪਣੀਆਂ ਮੈਂਬਰ ਪਾਰਟੀਆਂ ਦੇ ਪਰਿਵਾਰਕ ਹਿੱਤਾਂ ਦੀ ਸੁਰੱਖਿਆ ਤੇ ਪ੍ਰਚਾਰ ਪਾਸਾਰ ਨੂੰ ਯਕੀਨੀ ਬਣਾਉਣਾ ਹੈ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਕਿਹਾ ਕਿ ਕਾਂਗਰਸ ਦੀ ‘ਮਿਜ਼ਾਈਲ’ ਕਦੇ ਉਡਾਣ ਨਹੀਂ ਭਰੇਗੀ ਕਿਉਂਕਿ ੲਿਸ ਵਿਚ ਈਂਧਣ ਹੀ ਨਹੀਂ ਹੈ। ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦਾ ਚੰਦਰਯਾਨ ਲਗਾਤਾਰ ਤੀਜੀ ਵਾਰ ਸਫ਼ਲ ਲੈਂਡਿੰਗ ਕਰੇਗਾ ਕਿਉਂਕਿ ਇਸ ਕੋਲ ਵਿਕਾਸ ਦਾ ਈਂਧਣ ਹੈ। ਉਨ੍ਹਾਂ ਕਿਹਾ, ‘‘ਇੰਡੀਆ ਗੱਠਜੋੜ ਵਿਚ ਜਿਸ ਸਾਂਝੇ ਘੱਟੋ-ਘੱਟ ਪ੍ਰੋਗਰਾਮ (ਸੀਐੱਮਪੀ) ਬਾਰੇ ਚਰਚਾ ਕੀਤੀ ਜਾਣੀ ਹੈ, ਉਹ ਅਸਲ ਵਿੱਚ ‘ਕਰੱਪਸ਼ਨਜ਼ ਮੈਕਸੀਮਮ ਪ੍ਰੋਫਿਟ (ਭ੍ਰਿਸ਼ਟਾਚਾਰ ਦਾ ਵੱਧ ਤੋਂ ਵੱਧ ਮੁਨਾਫ਼ਾ) ਹੈ ਕਿਉਂਕਿ ਇਨ੍ਹਾਂ ਸਾਰੀਆਂ ਪਾਰਟੀਆਂ ਨੇ ਮਿਲ ਕੇ 20 ਲੱਖ ਕਰੋੜ ਰੁਪਏ ਤੋਂ ਵੱਧ ਦਾ ਘੁਟਾਲਾ ਕੀਤਾ ਹੈ।’’ ਉਨ੍ਹਾਂ ਦਾ ਦੂਜਾ ਨਿਸ਼ਾਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਚੱਲ ਰਹੀ ਸਥਿਰ ਤੇ ਵਿਕਾਸ ਪੱਖੀ ਸਰਕਾਰ ਨੂੰ ਸੱਟ ਮਾਰਨਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਅਸਲ ਵਿਚ ਇਕ ਮੰਚ ’ਤੇ ਇਕੱਠੀਆਂ ਹੋ ਕੇ ਸੰਗੀਤਕ ਚੇਅਰ ਵਾਲੀ ਗੇਮ ਖੇਡ ਰਹੀਆਂ ਹਨ। ਉਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੁਣੇ ਵਿਚ ਇਕ ਸਮਾਗਮ ਦੌਰਾਨ ‘ਇੰਡੀਆ’ ਗੱਠਜੋੜ ’ਤੇ ਤਨਜ਼ ਕਸਦਿਆਂ ਕਿਹਾ ਕਿ ਵਿਰੋਧੀ ਧਿਰਾਂ ਦੇ ਆਗੂ ਮਹਿਜ਼ ਆਪਣੇ ਗੱਠਜੋੜ ਦੇ ਨਾਂ ’ਤੇ ਟੇਕ ਰੱਖ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਇਹੀ ਇਕੋ ਇਕ ਟਿਕਾਣਾ ਹੈ ਤੇ ਉੁਹ ਇਸੇ ਨਾਮ ਦੇ ਸਹਾਰੇ ਆਪਣੀ ਕਿਸ਼ਤੀ ਪਾਰ ਲਾਉਣਾ ਚਾਹੁੰਦੇ ਹਨ। ਉਨ੍ਹਾਂ ਵਿਰੋਧੀ ਧਿਰਾਂ ਦੀ ਵਿਆਖਿਆ ਲਈ ਹਿੰਦੀ ਮੁਹਾਵਰੇ ‘ਨਾਮ ਬੜੇ ਔਰ ਦਰਸ਼ਨ ਛੋਟੇ’ ਦਾ ਵੀ ਹਵਾਲਾ ਦਿੱਤਾ।