ਨਵੀਂ ਦਿੱਲੀ, 26 ਮਾਰਚ
ਸਾਬਕਾ ਚੈਂਪੀਅਨ ਪੀਵੀ ਸਿੰਧੂ ਅਤੇ ਕਿਦੰਬੀ ਸ੍ਰੀਕਾਂਤ ਲੈਅ ਵਿੱਚ ਉਤਰਾਅ-ਚੜ੍ਹਾਅ ਤੋਂ ਉਭਰਦਿਆਂ ਸਾਢੇ ਤਿੰਨ ਲੱਖ ਡਾਲਰ ਇਨਾਮੀ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਇੱਕ ਵਾਰ ਫਿਰ ਖ਼ਿਤਾਬ ਜਿੱਤਣ ਦੇ ਇਰਾਦੇ ਨਾਲ ਉਤਰਨਗੇ। ਪੇਟ ਦੀ ਸਮੱਸਿਆ ਕਾਰਨ ਸਾਇਨਾ ਨੇਹਵਾਲ ਦੇ ਦੇਸ਼ ਦੇ ਇਸ ਸੀਨੀਅਰ ਬੈਡਮਿੰਟਨ ਟੂਰਨਾਮੈਂਟ ਤੋਂ ਹਟਣ ਮਗਰੋਂ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਇਸ ਮੁਕਾਬਲੇ ਵਿੱਚ ਭਾਰਤ ਦੀਆਂ ਉਮੀਦਾਂ ਪੀਵੀ ਸਿੰਧੂ ਅਤੇ ਸ੍ਰੀਕਾਂਤ ’ਤੇ ਟਿਕੀਆਂ ਹੋਣਗੀਆਂ। ਪੀਵੀ ਸਿੰਧੂ ਨੂੰ ਚੀਨ ਦੀ ਸੀਨੀਅਰ ਦਰਜਾ ਪ੍ਰਾਪਤ ਅਤੇ ਮੌਜੂਦਾ ਆਲ ਇੰਗਲੈਂਡ ਚੈਂਪੀਅਨ ਚੇਨ ਯੂਫੇਈ ਦੇ ਸਿਹਤ ਕਾਰਨਾਂ ਕਰਕੇ ਹਟਣ ਮਗਰੋਂ ਸਿਖਰਲੀ ਰੈਂਕਿੰਗ ਦਿੱਤੀ ਗਈ ਹੈ। ਬੀਤੇ ਸਾਲ ਦਸੰਬਰ ਵਿੱਚ ਵਿਸ਼ਵ ਟੂਰ ਫਾਈਨਲਜ਼ ਦਾ ਖ਼ਿਤਾਬ ਜਿੱਤਣ ਵਾਲੀ ਸਿੰਧੂ ਨੂੰ ਮਹਿਲਾ ਸਿੰਗਲਜ਼ ਖ਼ਿਤਾਬ ਜਿੱਤਣ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਜਾਪਾਨੀ ਖਿਡਾਰਨ ਦੀ ਗ਼ੈਰ-ਮੌਜੂਦਗੀ ਦਾ ਵੀ ਸਿੰਧੂ ਨੂੰ ਫ਼ਾਇਦਾ ਮਿਲਣ ਦੀ ਸੰਭਾਵਨਾ ਹੈ। ਸਿੰਧੂ ਨੇ ਨਵੇਂ ਸੈਸ਼ਨ ਵਿੱਚ ਇੰਡੋਨੇਸ਼ੀਆ ਮਾਸਟਰਜ਼ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ, ਪਰ ਆਲ ਇੰਗਲੈਂਡ ਦੇ ਪਹਿਲੇ ਗੇੜ ਵਿੱਚ ਹੀ ਬਾਹਰ ਹੋ ਗਈ। ਉਹ ਹਾਲਾਂਕਿ 2017 ਵਿੱਚ ਖ਼ਿਤਾਬ ਜਿੱਤਣ ਮਗਰੋਂ ਬੀਤੇ ਸਾਲ ਵੀ ਇੰਡੀਆ ਓਪਨ ਦੇ ਫਾਈਨਲ ਵਿੱਚ ਪਹੁੰਚਣ ਵਿੱਚ ਸਫਲ ਰਹੀ ਸੀ। ਪੀਵੀ ਸਿੰਧੂ ਆਪਣੀ ਮੁਹਿੰਮ ਹਮਵਤਨ ਮੁਗਧਾ ਆਗਰੇ ਖ਼ਿਲਾਫ਼ ਕਰੇਗੀ ਅਤੇ ਕੁਆਰਟਰ ਫਾਈਨਲ ਵਿੱਚ ਉਸ ਦੀ ਟੱਕਰ ਅੱਠਵਾਂ ਦਰਜਾ ਪ੍ਰਾਪਤ ਡੈਨਮਾਰਕ ਦੀ ਮੀਆ ਬਲਿਕਫੈਲਟ ਨਾਲ ਹੋ ਸਕਦੀ ਹੈ। ਇਸ ਮੁਕਾਬਲੇ ਵਿੱਚ ਜਿੱਤ ਮਗਰੋਂ ਉਸ ਨੂੰ ਚੀਨ ਦੀ ਤੀਜਾ ਦਰਜਾ ਪ੍ਰਾਪਤ ਹੀ ਬਿੰਗਜਾਓ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ਵਿੱਚ ਰੂਸ਼ਾਲੀ ਗੁੰਮਾਦੀ ਅਤੇ ਸਾਈ ਉਤੇਜਿਤਾ ਰਾਓ ਚੁਕਾ ਵਰਗੀਆਂ ਮੁਟਿਆਰ ਖਿਡਾਰਨਾਂ ਵੀ ਭਾਰਤ ਵੱਲੋਂ ਚੁਣੌਤੀ ਪੇਸ਼ ਕਰਨਗੀਆਂ।
ਇਹ ਟੂਰਨਾਮੈਂਟ ਤੀਜਾ ਦਰਜਾ ਪ੍ਰਾਪਤ ਸ੍ਰੀਕਾਂਤ ਲਈ ਕਾਫੀ ਮਹੱਤਵਪੂਰਨ ਹੈ ਕਿਉਂਕਿ ਉਹ ਪਿਛਲੇ 17 ਮਹੀਨਿਆਂ ਤੋਂ ਕੋਈ ਖ਼ਿਤਾਬ ਨਹੀਂ ਜਿੱਤ ਸਕਿਆ। ਮੌਜੂਦਾ ਚੈਂਪੀਅਨ ਅਤੇ ਸੀਨੀਅਰ ਦਰਜਾ ਪ੍ਰਾਪਤ ਚੀਨ ਦੇ ਸ਼ੀ ਯੂਕੀ ਦੇ ਹਟਣ ਮਗਰੋਂ 2015 ਦੇ ਜੇਤੂ ਸ੍ਰੀਕਾਂਤ ਅਤੇ ਸਾਬਕਾ ਵਿਸ਼ਵ ਚੈਂਪੀਅਨ ਡੈਨਮਾਰਕ ਦੇ ਵਿਕਟਰ ਐਕਸੇਲਸਨ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਹਨ।