ਮੁੰਬਈ:ਅਦਾਕਾਰਾ ਅਤੇ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਸੀਰੀਜ਼ ‘ਆਰੀਆ 2’ ਵਿੱਚ ਲਾਜਵਾਬ ਪੇਸ਼ਕਾਰੀ ਲਈ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਵਰਕਿੰਗ ਵਿਮੈਨ ਐਵਾਰਡ ਜਿੱਤਣ ’ਤੇ ਖ਼ੁਸ਼ ਹੈ। ਉਸ ਨੂੰ ਇਹ ਐਵਾਰਡ ਡੀਸੀ ਸਾਊਥ ਏਸ਼ੀਅਨ ਫਿਲਮ ਫੈਸਟੀਵਲ (ਡੀਸੀਐੱਸਏਐੱਫਐੱਫ) ਵੱਲੋਂ ਦਿੱਤਾ ਗਿਆ ਹੈ, ਜੋ ਵਰਚੁਅਲੀ 16 ਤੋਂ 30 ਜਨਵਰੀ ਤੱਕ ਚੱਲ ਰਿਹਾ ਹੈ। ਅਦਾਕਾਰਾ ਇਸ ਐਵਾਰਡ ਦਾ ਸਿਹਰਾ ‘ਆਰੀਆ’ ਦੀ ਟੀਮ ਸਿਰ ਬੰਨ੍ਹਦੀ ਹੈ, ਜਿਸ ਦੀ ਅਣਥੱਕ ਮਿਹਨਤ ਸਦਕਾ ਸ਼ੋਅ ਨੂੰ ਵਿਸ਼ਵ ਪੱਧਰ ’ਤੇ ਪਛਾਣ ਮਿਲੀ। ਅਦਾਕਾਰਾ ਨੇ ਇੱਕ ਬਿਆਨ ਵਿੱਚ ਕਿਹਾ, ‘‘ਮੈਂ ‘ਆਰੀਆ 2’ ਨੂੰ ਮਿਲੇ ਪਿਆਰ ਅਤੇ ਬੇਮਿਸਾਲ ਹੁੰਗਾਰੇ ਤੋਂ ਬਹੁਤ ਖ਼ੁਸ਼ ਹਾਂ। ਪੂਰੀ ਟੀਮ ਨੇ ਇਕੱਠਿਆਂ ਜੀਅ-ਜਾਨ ਲਾ ਕੇ ਕੰਮ ਕੀਤਾ, ਜੋ ਹਰ ਕਿਸੇ ਨੂੰ ਪਸੰਦ ਆਇਆ। ਇੱਕ ਟੈਲੀਵਿਜ਼ਨ ਸੀਰੀਜ਼ ਲਈ ਇੱਕ ਮਹਿਲਾ ਅਦਾਕਾਰ ਵੱਲੋਂ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਵਰਕਿੰਗ ਵਿਮੈਨ ਐਵਾਰਡ ਜਿੱਤਣਾ ਖ਼ੁਸ਼ੀ ਦੀ ਗੱਲ ਹੈ। ’’ ਫੈਸਟੀਵਲ ਵਿੱਚ ਭਾਰਤ, ਪਾਕਿਸਤਾਨ, ਨੇਪਾਲ, ਕੈਨੇਡਾ ਅਤੇ ਯੂਐੱਸ ਸਮੇਤ ਕਈ ਖੇਤਰੀ ਭਾਸ਼ਾਵਾਂ ਦੀਆਂ ਫਿਲਮਾਂ ਦਿਖਾਈਆਂ ਜਾਣਗੀਆਂ। ਇਹ ਫਿਲਮ ਫੈਸਟੀਵਲ ਲੇਖਕ ਅਨੰਤ ਮਹਾਦੇਵਨ ਦੀ ਨਵੀਂ ਪੁਸਤਕ ਅਤੇ ਮੋਹਨ ਰਾਏ ਦੇ ਨਿਰਦੇਸ਼ਨ ਹੇਠ ਬਣੀ ਨੇਪਾਲੀ ਫੀਚਰ ਫਿਲਮ ‘ਮਹਾਨਗਰ/ਵਨ ਨਾਈਟ ਇਨ ਕਾਠਮੰਡੂ’ ਨਾਲ ਸ਼ੁਰੂ ਹੋਇਆ। ਫਿਲਮਸਾਜ਼ ਵਿਸ਼ਾਲ ਚਾਲੀਹਾ ਦੀ ਅਸਾਮੀ ਫਿਲਮ ‘ਸੀਜੋਊ’ ਨਾਲ 30 ਜਨਵਰੀ ਨੂੰ ਫੈਸਟੀਵਲ ਸਮਾਪਤ ਹੋਵੇਗਾ।