ਲੰਡਨ, 25 ਨਵੰਬਰ
ਮਾਰਚ ’ਚ ਇੰਗਲਿਸ਼ ਪ੍ਰੀਮੀਅਰ ਲੀਗ ਫੁਟਬਾਲ ਟੂਰਨਾਮੈਂਟ ਤੋਂ ਬਾਅਦ ਹੁਣ ਪਹਿਲੀ ਵਾਰ ਦਰਸ਼ਕਾਂ ਨੂੰ ਸਟੇਡੀਅਮ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਦਰਸ਼ਕਾਂ ਦੀ ਗਿਣਤੀ ਸੀਮਤ ਹੋਵੇਗੀ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਦੋ ਦਸੰਬਰ ਨੂੰ ਕਰੋਨਾ ਵਾਇਰਸ ਦੇ ਮੱਦੇਨਜ਼ਰ ਕਈ ਪਾਬੰਦੀਆਂ ਵਿਚ ਢਿੱਲ ਦਿੱਤੀ ਜਾ ਰਹੀ ਹੈ। ਇਸ ਤਹਿਤ ਖੇਡ ਸਟੇਡੀਅਮਾਂ ਵਿਚ ਦਰਸ਼ਕਾਂ ਦੀ ਵਾਪਸੀ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਇਹ ਵੀ ਪਤਾ ਲੱਗਾ ਹੈ ਕਿ ਜਿਥੇ ਕਰੋਨਾ ਦੇ ਕੇਸ ਘੱਟ ਆ ਰਹੇ ਹਨ ਉਥੋਂ ਦੇ ਸਟੇਡੀਅਮਾਂ ਵਿਚ ਸ਼ੁਰੂਆਤ ਵਿਚ 4000 ਤਕ ਦਰਸ਼ਕ ਆ ਸਕਣਗੇ ਜਦਕਿ ਹੋਰ ਥਾਵਾਂ ’ਤੇ ਦਰਸ਼ਕਾਂ ਦੀ ਗਿਣਤੀ 2000 ਤਕ ਸੀਮਤ ਕੀਤੀ ਗਈ ਹੈ। ਜਿਥੇ ਕਰੋਨਾ ਦੇ ਜ਼ਿਆਦਾ ਕੇਸ ਆ ਰਹੇ ਹਨ ਉਥੇ ਬਿਨਾਂ ਦਰਸ਼ਕਾਂ ਤੋਂ ਹੀ ਮੈਚ ਖੇਡੇ ਜਾਣਗੇ।