ਮੁੰਬਈ, 3 ਮਈ
ਕ੍ਰਿਕਟਰ ਸਚਿਨ ਤੇਂਦੁਲਕਰ ਨੇ ਕਿਹਾ ਕਿ ਇੰਗਲੈਂਡ ’ਚ ਵਿਸ਼ਵ ਕੱਪ ਦੌਰਾਨ ਪਿੱਚਾਂ ਬੱਲੇਬਾਜ਼ਾਂ ਦੀ ਐਸ਼ਗਾਹ ਹੋਣਗੀਆਂ ਪਰ ਗਰਮ ਮੌਸਮ ਕਾਰਨ ਗੇਂਦ ਓਨੀ ਸਵਿੰਗ ਨਹੀਂ ਲਵੇਗੀ। ਵਿਸ਼ਵ ਕੱਪ 30 ਮਈ ਤੋਂ ਇੰਗਲੈਂਡ ’ਚ ਸ਼ੁਰੂ ਹੋਵੇਗਾ ਜਿਸ ਵਿੱਚ 10 ਟੀਮਾਂ ਭਾਗ ਲੈ ਰਹੀਆਂ ਹਨ।
ਤੇਂਦੁਲਕਰ ਨੇ ਇੱਥੇ ਆਪਣੇ ਨਾਂ ’ਤੇ ਬਣੇ ਐੱਮਆਈਜੀ ਕਲੱਬ ਪੈਵੇਲੀਅਨ ਦੇ ਉਦਘਾਟਨ ਮੌਕੇ ਕਿਹਾ ਕਿ ਉਸ ਨੂੰ ਦੱਸਿਆ ਗਿਆ ਹੈ ਕਿ ਉੱਥੇ ਕਾਫੀ ਗਰਮੀ ਹੋਵੇਗੀ। ਚੈਂਪੀਅਨਜ਼ ਟਰਾਫੀ ’ਚ ਵੀ ਵਿਕਟ ਚੰਗੇ ਸੀ। ਗਰਮੀ ’ਚ ਵਿਕਟ ਸਪਾਟ ਹੋ ਜਾਂਦੇ ਹਨ। ਉਸ ਨੇ ਆਸ ਪ੍ਰਗਟਾਈ ਕਿ ਬੱਲੇਬਾਜ਼ੀ ਲਈ ਇਹ ਸ਼ਾਨਦਾਰ ਵਿਕਟ ਹੋਵੇਗੀ। ਉਸ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਹਾਲਾਤ ਕਾਫੀ ਵੱਖ ਹੋਣਗੇ, ਬਸ਼ਰਤੇ ਬੱਦਲ ਨਾ ਹੋਣ। ਬੱਦਲ ਹੋਣ ’ਤੇ ਗੇਂਦ ਸਵਿੰਗ ਲੈ ਸਕਦੀ ਹੈ। ਅਜਿਹਾ ਹੋਵੇਗਾ ਵੀ ਤਾਂ ਲੰਬਾ ਸਮਾਂ, ਸਿਰਫ਼ ਪਹਿਲੇ ਓਵਰ ਤੱਕ।
ਉਸ ਨੇ ਮਹਾਨ ਬੱਲੇਬਾਜ਼ ਬਰਾਇਨ ਲਾਰਾ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਵਧਾਈ ਦਿੱਤੀ। ਉਸ ਨੇ ਕਿਹਾ ਕਿ ਉਹ ਕੁਝ ਹਫ਼ਤੇ ਪਹਿਲਾਂ ਮਿਲੇ ਸਨ। ਉਦੋਂ ਉਸ ਨੇ ਲਾਰਾ ਨੂੰ ਕਿਹਾ ਸੀ ਕਿ ਉਹ 50 ਸਾਲਾਂ ਦੇ ਹੋ ਗਏ ਹਨ ਤੇ 50 ਅਜੇ ਸਾਲ ਅਜੇ ਬਾਕੀ ਹਨ। ਉਹ ਵਧੀਆ ਇਨਸਾਨ ਹਨ।
ਇਸੇ ਦੌਰਾਨ ਆਪਣੇ ਕਰੀਅਰ ਵਿੱਚ ਆਪਣੇ ਭਰਾ ਅਜੀਤ ਦੇ ਯੋਗਦਾਨ ਨੂੰ ਯਾਦ ਕਰਦਿਆਂ ਸਚਿਨ ਨੇ ਦੱਸਿਆ ਕਿ ਜਦੋਂ ਉਹ ਦੋਵੇਂ ਭਰਾ ਇਕ-ਦੂਜੇ ਦੇ ਆਹਮੋ-ਸਾਹਮਣੇ ਖੇਡ ਰਹੇ ਸਨ ਤਾਂ ਕੋਈ ਜਿੱਤਣਾ ਨਹੀਂ ਚਾਹੁੰਦਾ ਸੀ। ਉਸ ਨੇ ਕਿਹਾ ਕਿ ਉਸ ਨੂੰ ਪਤਾ ਸੀ ਕਿ ਉਸ ਦਾ ਗਰਾਫ਼ ਉੱਪਰ ਜਾ ਰਿਹਾ ਹੈ। ਉਸ ਸਮੇਂ ਐੱਮਆਈਜੀ ’ਚ ਇਕ ਵਿਕਟ ਦਾ ਟੂਰਨਾਮੈਂਟ ਹੁੰਦਾ ਸੀ। ਉਹ ਇਕ ਟੂਰਨਾਮੈਂਟ ਖੇਡ ਰਿਹਾ ਸੀ ਜਿਸ ’ਚ ਉਸ ਦਾ ਭਰਾ ਅਜੀਤ ਵੀ ਖੇਡ ਰਿਹਾ ਸੀ। ਉਹ ਦੋਵੇਂ ਵੱਖ-ਵੱਖ ਪੂਲ ’ਚ ਸਨ। ਸੈਮੀ ਫਾਈਨਲ ’ਚ ਦੋਵੇਂ ਭਰਾਵਾਂ ਦਾ ਮੁਕਾਬਲਾ ਹੋਇਆ ਅਤੇ ਉਹੀ ਇਕਮਾਤਰ ਮੈਚ ਉਨ੍ਹਾਂ ਦੋਹਾਂ ਨੇ ਇਕ-ਦੂਜੇ ਖ਼ਿਲਾਫ਼ ਖੇਡਿਆ। ਬੰਗਾਲ ਕ੍ਰਿਕਟ ਕਲੱਬ ’ਚ ਉਹ ਦੋਵੇਂ ਇਕ ਮੈਚ ਖੇਡੇ ਪਰ ਇਕ-ਦੂਜੇ ਦੇ ਖ਼ਿਲਾਫ਼ ਨਹੀਂ।
ਤੇਂਦੁਲਕਰ ਨੇ ਕਿਹਾ ਕਿ ਉਹ ਅਜੀਤ ਨੂੰ ਦੇਖ ਕੇ ਸਮਝ ਗਿਆ ਸੀ ਕਿ ਉਹ ਜਿੱਤਣਾ ਨਹੀਂ ਚਾਹੁੰਦਾ ਅਤੇ ਖ਼ੁਦ ਸਚਿਨ ਵੀ ਜਿੱਤਣਾ ਨਹੀਂ ਚਾਹੁੰਦਾ ਸੀ। ਉਹ ਇਕ-ਦੂਜੇ ਨੂੰ ਹਰਾਉਣਾ ਨਹੀਂ ਚਾਹੁੰਦੇ ਸਨ। ਸਚਿਨ ਨੇ ਦੱਸਿਆ ਕਿ ਜਿਵੇਂ ਹੀ ਉਸ ਨੇ ਬੱਲੇਬਾਜ਼ੀ ਸ਼ੁਰੂ ਕੀਤੀ ਤਾਂ ਅਜੀਤ ਨੇ ਜਾਣਬੁੱਝ ਕੇ ਨੋਬਾਲ ਅਤੇ ਵਾਈਡ ਪਾਉਣੀ ਸ਼ੁਰੂ ਕਰ ਦਿੱਤੀ। ਉਹ ਜਾਣਬੁੱਝ ਕੇ ਡਿਫੈਂਸਿਵ ਖੇਡ ਰਿਹਾ ਸੀ ਜੋ ਇਕ ਵਿਕਟ ਕ੍ਰਿਕਟ ’ਚ ਨਹੀਂ ਹੁੰਦਾ। ਅਜੀਤ ਨੇ ਉਸ ਵੱਲ ਦੇਖ ਕੇ ਢੰਗ ਨਾਲ ਬੱਲੇਬਾਜ਼ੀ ਕਰਨ ਦਾ ਇਸ਼ਾਰਾ ਕੀਤਾ, ਤਾਂ ਉਸ ਨੂੰ ਆਪਣੇ ਵੱਡੇ ਭਰਾ ਦੀ ਗੱਲ ਮੰਨਣੀ ਪਈ।