ਲੰਡਨ:ਇੰਗਲੈਂਡ ਦੇ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਨੂੰ 2012-13 ਵਿੱਚ ਕੀਤੀ ਗਈ ਨਸਲੀ ਟਿੱਪਣੀ ਕਰਕੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਦੱਸਿਆ ਕਿ ਰੌਬਿਨਸਨ ਨਿਊਜ਼ੀਲੈਂਡ ਖ਼ਿਲਾਫ਼ ਵੀਰਵਾਰ ਨੂੰ ਖੇਡੇ ਜਾਣ ਵਾਲੇ ਦੂਸਰੇ ਟੈਸਟ ਮੁਕਾਬਲੇ ਵਿੱਚ ਨਹੀਂ ਖੇਡ ਸਕਦਾ। ਉਸ ਨੇ ਲਾਰਡਜ਼ ਵਿੱਚ ਖੇਡੇ ਗਏ ਲੜੀ ਦੇ ਪਹਿਲੇ ਮੁਕਾਬਲੇ ਰਾਹੀਂ ਟੈਸਟ ਕ੍ਰਿਕਟ ਵਿੱਚ ਪੈਰ ਧਰਿਆ ਸੀ। ਇਸ ਮੁਕਾਬਲੇ ਵਿੱਚ ਉਸ ਨੇ ਸੱਤ ਵਿਕਟਾਂ ਲਈਆਂ ਅਤੇ ਇੰਗਲੈਂਡ ਦੀ ਪਹਿਲੀ ਪਾਰੀ ਵਿੱਚ 42 ਦੌੜਾਂ ਬਣਾਈਆਂ। ਜਾਣਕਾਰੀ ਅਨੁਸਾਰ ਰੌਬਿਨਸਨ ਨੇ 18-19 ਸਾਲ ਦੀ ਉਮਰ ਵਿਚ ਟਵੀਟ ਰਾਹੀਂ ਨਸਲੀ ਟਿੱਪਣੀ ਕੀਤੀ ਸੀ। ਮੁਕਾਬਲੇ ਦੇ ਪਹਿਲੇ ਦਿਨ ਇਸ ਟਵੀਟ ਸਬੰਧੀ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ਹੋਈ, ਜਿਸ ਮਗਰੋਂ ਉਸ ਨੇ ਮੁਆਫੀ ਵੀ ਮੰਗੀ ਸੀ।