ਚੈਮਜ਼ਫੋਰਡ, ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਇੰਗਲੈਂਡ ਖ਼ਿਲਾਫ਼ ਉਸ ਦੇ ਮੈਦਾਨ ’ਤੇ ਪੰਜ ਟੈਸਟਾਂ ਦੀ ਚੁਣੌਤੀਪੂਰਨ ਲੜੀ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਨੂੰ ਪਰਖਣ ਉਤਰੇਗੀ, ਜਿੱਥੇ ਬੁੱਧਵਾਰ ਤੋਂ ਅਸੈਕਸ ਕਾਉਂਟੀ ਖ਼ਿਲਾਫ਼ ਚਾਰ ਇੱਕ ਰੋਜ਼ਾ ਅਭਿਆਸ ਮੈਚ ਵਿੱਚ ਉਸ ਦੀਆਂ ਨਜ਼ਰਾਂ ਆਪਣੀ ਟੀਮ ਨੂੰ ਮਜ਼ਬੂਤ ਕਰਨ ’ਤੇ ਹੋਣਗੀਆਂ।

ਭਾਰਤੀ ਟੀਮ ਨੇ ਇੰਗਲੈਂਡ ਖ਼ਿਲਾਫ਼ ਚੰਗੀ ਸ਼ੁਰੂਆਤ ਕਰਦਿਆਂ ਟੀ-20 ਮੈਚਾਂ ਦੀ ਲੜੀ ਵਿੱਚ 2-1 ਨਾਲ ਜਿੱਤ ਦਰਜ ਕੀਤੀ ਸੀ, ਪਰ ਇੱਕ ਰੋਜ਼ਾ ਲੜੀ ਵਿੱਚ ਉਹ 1-2 ਨਾਲ ਲੜੀ ਗੁਆ ਬੈਠੀ। ਟੀਮ ਇੰਡੀਆ ਦੀਆਂ ਨਜ਼ਰਾਂ ਹੁਣ ਪੰਜ ਟੈਸਟ ਮੈਚਾਂ ਦੀ ਲੰਮੀ ਅਤੇ ਚੁਣੌਤੀਪੂਰਨ ਲੜੀ ਵਿੱਚ ਜਿੱਤ ਦਰਜ ਕਰਨ ’ਤੇ ਲੱਗੀਆਂ ਹਨ, ਜਿਸ ਨੂੰ ਲੈ ਕੇ ਉਸ ’ਤੇ ਕਾਫੀ ਦਬਾਅ ਵੀ ਹੈ। ਭੁਵਨੇਸ਼ਵਰ ਕੁਮਾਰ, ਰਿਧੀਮਾਨ ਸਾਹ, ਜਸਪ੍ਰੀਤ ਬੁਮਰਾਹ ਵਰਗੇ ਚੰਗੇ ਖਿਡਾਰੀਆਂ ਦੇ ਸੱਟਾਂ ਕਾਰਨ ਭਾਰਤ ਨੂੰ ਅਜਿੰਕਿਆ ਰਹਾਣੇ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਫ਼ਿਰਕੀ ਗੇਂਦਬਾਜ਼ ਕੁਲਦੀਪ ਯਾਦਵ, ਇਸ਼ਾਂਤ ਸ਼ਰਮਾ, ਮੁਰਲੀ ਵਿਜੇ ਵਰਗੇ ਖਿਡਾਰੀਆਂ ਤੋਂ ਕਾਫੀ ਉਮੀਦਾਂ ਹਨ। ਇਨ੍ਹਾਂ ਤੋਂ ਇਲਾਵਾ ਵਿਸ਼ਵ ਦੇ ਦੂਜੇ ਨੰਬਰ ਦੇ ਟੈਸਟ ਬੱਲੇਬਾਜ਼ ਅਤੇ ਭਾਰਤੀ ਕਪਤਾਨ ਵਿਰਾਟ ਉੱਤੇ ਵੀ ਵਿਦੇਸ਼ੀ ਧਰਤੀ ’ਤੇ ਬੱਲੇ ਨਾਲ ਪ੍ਰਭਾਵਿਤ ਕਰਨ ਦਾ ਦਬਾਅ ਰਹੇਗਾ। 2014 ਦੌਰਾਨ ਇੰਗਲੈਂਡ ਵਿੱਚ ਪਿਛਲੀ ਟੈਸਟ ਲੜੀ ਵਿੱਚ ਭਾਰਤੀ ਟੀਮ ਦੇ ਨਮੋਸ਼ੀਜਨਕ ਪ੍ਰਦਰਸ਼ਨ ਦੇ ਨਾਲ ਵਿਰਾਟ ਦਾ ਪ੍ਰਦਰਸ਼ਨ ਵੀ ਖ਼ਾਸ ਨਹੀਂ ਰਿਹਾ ਸੀ। ਦਸ ਪਾਰੀਆਂ ਵਿੱਚ ਜੇਮਜ਼ ਐਂਡਰਸਨ ਨੇ ਉਸ ਨੂੰ ਚਾਰ ਵਾਰ ਆਊਟ ਕੀਤਾ ਸੀ। ਭਾਰਤ ਇਹ ਲੜੀ 1-3 ਨਾਲ ਹਾਰ ਗਿਆ ਸੀ। ਹਾਲਾਂਕਿ ਇਸ ਸਮੇਂ ਵਿਰਾਟ ਕੋਹਲੀ ਦੁਨੀਆ ਦਾ ਸਰਵੋਤਮ ਬੱਲੇਬਾਜ਼ ਹੈ ਅਤੇ ਉਸ ਦੇ ਪ੍ਰਦਰਸ਼ਨ ’ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ।
ਭਾਰਤੀ ਟੈਸਟ ਟੀਮ ਦੇ ਮਾਹਿਰ ਖਿਡਾਰੀਆਂ ਨੇ ਹਾਲ ਹੀ ਵਿੱਚ ਲਾਇਨਜ਼ ਖ਼ਿਲਾਫ਼ ਇੰਗਲੈਂਡ ਦੌਰੇ ’ਤੇ ਗਈ ਭਾਰਤ ‘ਏ’ ਟੀਮ ਨਾਲ ਵਾਰਸੈਸਟਰ ਵਿੱਚ ਹੋਏ ਅਣਅਧਿਕਾਰਤ ਟੈਸਟ ਵਿੱਚ ਹਿੱਸਾ ਲਿਆ ਸੀ, ਜਿੱਥੇ ਇੰਗਲੈਂਡ ਲਾਇਨਜ਼ ਨੂੰ 255 ਦੌੜਾਂ ਨਾਲ ਜਿੱਤ ਮਿਲੀ ਸੀ। ਇਸ ਮੈਚ ਵਿੱਚ ਮੁਰਲੀ ਅਤੇ ਰਹਾਣੇ ਖੇਡਣ ਉਤਰਿਆ ਸੀ, ਜਦਕਿ ਟੈਸਟ ਟੀਮ ਵਿੱਚ ਥਾਂ ਪਾਉਣ ਵਾਲਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਪਹਿਲਾਂ ਹੀ ਭਾਰਤ ‘ਏ’ ਟੀਮ ਦਾ ਹਿੱਸਾ ਹੈ। ਦੂਜੇ ਪਾਸੇ, ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਫਾਰਮ ਵਿੱਚ ਨਹੀਂ ਹੈ। ਆਈਪੀਐਲ ਤੋਂ ਬਾਹਰ ਰਿਹਾ ਚੇਤੇਸ਼ਵਰ ਪੁਜਾਰਾ ਵੀ ਇਸ ਸਾਲ ਇੰਗਲਿਸ਼ ਕਾਉਂਟੀ ਕ੍ਰਿਕਟ ਵਿੱਚ ਖੇਡਿਆ ਹੈ। ਉਹ ਵੀ ਬੱਲੇਬਾਜ਼ੀ ਕ੍ਰਮ ਵਿੱਚ ਅਹਿਮ ਰਹੇਗਾ।
ਭਾਰਤ ਵਾਂਗ ਇੰਗਲੈਂਡ ਵਿੱਚ ਵੀ ਗਰਮੀ ਵਧ ਗਈ ਹੈ। ਇੱਥੋਂ ਦੀਆਂ ਪਿੱਚਾਂ ’ਤੇ ਭਾਰਤੀ ਸਪਿੰਨਰਾਂ ਨੂੰ ਫ਼ਾਇਦਾ ਮਿਲਣ ਦੀ ਉਮੀਦ ਹੈ। ਵਿਰਾਟ ਕੋਹਲੀ ਤੋਂ ਇਲਾਵਾ ਇੰਗਲੈਂਡ ਦੇ ਕਪਤਾਨ ਜੋਅ ਰੂਟ ਅਤੇ ਉਸ ਦੇ ਖਿਡਾਰੀ ਐਂਡਰਸਨ ਨੇ ਵੀ ਮੰਨਿਆ ਹੈ ਕਿ ਮੌਸਮ ਬਦਲਣ ਕਾਰਨ ਇਸ ਵਾਰ ਇੰਗਲਿਸ਼ ਪਿੱਚਾਂ ’ਤੇ ਸਪਿੰਨਰਾਂ ਨੂੰ ਫ਼ਾਇਦਾ ਹੋ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਦੀ ਮਾਹਿਰ ਜੋੜੀ ਦੀ ਮੁਹਾਰਤਾ ਭਾਰਤ ਲਈ ਅਹਿਮ ਹੋਵੇਗੀ। ਤੇਜ਼ ਗੇਂਦਬਾਜ਼ਾਂ ਵਿੱਚ ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਹਰਫ਼ਨਮੌਲਾ ਹਾਰਦਿਕ ਪਾਂਡੇ ਅਤੇ ਮੁਹੰਮਦ ਸ਼ਮੀ ਵਰਗੇ ਚੰਗੇ ਖਿਡਾਰੀ ਵੀ ਹਨ।