ਟੋਰਾਂਟੋ, 11 ਦਸੰਬਰ : ਓਨਟਾਰੀਓ ਦੀ ਫਾਇਨਾਂਸ਼ੀਅਲ ਵਾਚਡੌਗ ਦਾ ਕਹਿਣਾ ਹੈ ਕਿ ਇਸ ਵਿੱਤੀ ਵਰ੍ਹੇ ਪ੍ਰੋਵਿੰਸ ਦਾ ਘਾਟਾ 12.3 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ। ਇਹ ਬਹਾਰ ਵਿੱਚ ਹੋਈਆਂ ਚੋਣਾਂ ਤੋਂ ਅੱਧਾ ਬਿਲੀਅਨ ਡਾਲਰ ਵੱਧ ਹੈ ਪਰ ਪ੍ਰੋਗਰੈਸਿਵ ਕੰਜ਼ਰਵੇਟਿਵ ਵੱਲੋਂ ਕੀਤੀਆਂ ਪੇਸ਼ੀਨਿਗੋਈਆਂ ਨਾਲੋਂ ਇਹ ਰਕਮ ਘੱਟ ਹੈ।
ਫਾਇਨਾਂਸ਼ੀਅਲ ਐਕਾਉਂਟੇਬਿਲਿਟੀ ਆਫੀਸਰ ਪੀਟਰ ਵੈਲਟਮੈਨ ਦਾ ਕਹਿਣਾ ਹੈ ਕਿ ਪਾਲਿਸੀ ਸਬੰਧੀ ਲਏ ਗਏ ਕੁੱਝ ਫੈਸਲੇ ਜਿਵੇਂ ਕਿ ਕੈਪ ਐਂਡ ਟਰੇਡ ਪ੍ਰੋਗਰਾਮ ਤੇ ਕਈ ਟੈਕਸ ਵਾਧਿਆਂ ਨੂੰ ਉਲਟਾਉਣ ਤੋਂ ਇਲਾਵਾ ਕਮਜੋ਼ਰ ਅਰਥਚਾਰੇ ਬਾਰੇ ਪੇਸ਼ੀਨਿਗੋਈ ਕਾਰਨ ਹੀ ਇਹ ਤਬਦੀਲੀ ਆਈ ਹੈ। ਅਰਥਚਾਰੇ ਤੇ ਬਜਟ ਸਬੰਧੀ ਆਪਣੇ ਵਿਚਾਰ ਪ੍ਰਗਟਾਉਂਦਿਆਂ ਵੈਲਟਮੈਨ ਨੇ ਆਖਿਆ ਕਿ ਅਗਲੇਰੀਆਂ ਨੀਤੀਗਤ ਤਬਦੀਲੀਆਂ ਤੋਂ ਬਿਨਾਂ ਇਹ ਘਾਟਾ 2022-23 ਤੱਕ 16 ਬਿਲੀਅਨ ਡਾਲਰ ਤੋਂ ਵੀ ਟੱਪ ਜਾਵੇਗਾ।
ਉਨ੍ਹਾਂ ਆਖਿਆ ਕਿ ਬਜਟ ਨੂੰ ਸੰਤੁਲਿਤ ਕਰਨ ਲਈ ਕਈ ਤਰ੍ਹਾਂ ਦੀਆਂ ਨੀਤੀਗਤ ਤਬਦੀਲੀਆਂ ਦੀ ਲੋੜ ਹੈ ਜਿਨ੍ਹਾਂ ਦਾ ਓਨਟਾਰੀਓ ਦੇ ਲੋਕਾਂ ਤੇ ਕਾਰੋਬਾਰਾਂ ਉੱਤੇ ਕਾਫੀ ਅਸਰ ਪਵੇਗਾ। ਖਾਸਤੌਰ ਉੱਤੇ ਅਜਿਹੇ ਵਿੱਚ ਜਦੋਂ ਸਰਕਾਰ ਟੈਕਸਾਂ ਵਿੱਚ ਵਾਧਾ ਨਾ ਕਰਨ ਲਈ ਵਚਨਬੱਧ ਹੈ। ਇਸੇ ਦੌਰਾਨ ਸੋਮਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਵਿੱਤ ਮੰਤਰੀ ਵਿੱਕ ਫੈਡੇਲੀ ਨੇ ਆਖਿਆ ਕਿ ਰਿਪੋਰਟ ਤੋਂ ਸਪਸ਼ਟ ਹੁੰਦਾ ਹੈ ਕਿ ਸਰਕਾਰ ਨੂੰ ਸਾਬਕਾ ਲਿਬਰਲ ਸਰਕਾਰ ਤੋਂ ਘਾਟਾ ਵਿਰਸੇ ਵਿੱਚ ਮਿਲਿਆ ਹੈ।
ਉਨ੍ਹਾਂ ਆਖਿਆ ਕਿ ਸਾਬਕਾ ਸਰਕਾਰ ਨੇ ਟੈਕਸਦਾਤਾਵਾਂ ਦੇ ਡਾਲਰ ਨੂੰ ਬੜੀ ਬੇਕਿਰਕੀ ਨਾਲ ਜ਼ਾਇਆ ਕੀਤਾ ਤੇ ਸਾਨੂੰ ਪੂਰੀ ਜਿ਼ੰਮੇਵਾਰੀ ਨਾਲ ਬਜਟ ਨੂੰ ਸੰਤੁਲਿਤ ਕਰਨ ਲਈ ਪੂਰੀ ਅਹਿਤਿਆਤ ਤੋਂ ਕੰਮ ਲੈਣਾ ਹੋਵੇਗਾ। ਪਰ ਮੰਤਰੀ ਵੱਲੋਂ ਬਜਟ ਨੂੰ ਸੰਤੁਲਿਤ ਕਰਨ ਦੀ ਸਰਕਾਰ ਦੀ ਯੋਜਨਾ ਦਾ ਖੁਲਾਸਾ ਨਹੀਂ ਕੀਤਾ ਗਿਆ।