ਬਗਦਾਦ, 31 ਅਗਸਤ
ਇਰਾਕ ਦੇ ਪ੍ਰਭਾਵਸ਼ਾਲੀ ਸ਼ੀਆ ਆਗੂ ਦੇ ਰਾਜਨੀਤੀ ਤੋਂ ਹਟਣ ਦੇ ਐਲਾਨ ਤੋਂ ਬਾਅਦ ਉਨ੍ਹਾਂ ਦੇ ਵੱਡੀ ਗਿਣਤੀ ਸਮਰਥਕਾਂ ਨੇ ਦੇਸ਼ ਦੇ ‘ਗਰੀਨ ਜ਼ੋਨ’ ਵਿੱਚ ਗੋਲੀਬਾਰੀ ਕੀਤੀ ਅਤੇ ਰਾਕੇਟ ਦਾਗੇ। ਉੱਧਰ, ਜਵਾਬੀ ਕਾਰਵਾਈ ਵਿੱਚ ਇਰਾਕ ਦੇ ਸੁਰੱਖਿਆ ਬਲਾਂ ਨੇ ਵੀ ਗੋਲੀਬਾਰੀ ਕੀਤੀ। ਇਸ ਦੌਰਾਨ ਘੱਟੋ-ਘੱਟ 30 ਮੌਤਾਂ ਹੋ ਗਈਆਂ ਜਦਕਿ 400 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਦੇਸ਼ ਵਿੱਚ ਇਕ ਮਹੀਨੇ ਤੋਂ ਚੱਲ ਰਹੇ ਸਿਆਸੀ ਸੰਕਟ ਕਾਰਨ ਹਾਲਾਤ ਤਣਾਅਪੂਰਨ ਹੋ ਗਏ ਹਨ। ਸਿਆਸੀ ਸੰਕਟ ਵਿਚਾਲੇ ਸੋਮਵਾਰ ਨੂੰ ਆਗੂ ਮੁਕਤਦਾ ਅਲ-ਸਦਰ ਦੇ ਅਸਤੀਫੇ ਤੋਂ ਬਾਅਦ ਸਮਰਥਕਾਂ ਨੇ ਪਹਿਲਾਂ ‘ਗਰੀਨ ਜ਼ੋਨ’ ’ਤੇ ਹਮਲਾ ਕੀਤਾ। ਇਰਾਕ ਦੀ ਸਰਕਾਰ ਵਿੱਚ ਅੜਿੱਕਾ ਉਦੋਂ ਤੋਂ ਪਿਆ ਹੈ ਜਦੋਂ ਸ਼ੀਆ ਆਗੂ ਦੀ ਪਾਰਟੀ ਨੇ ਅਕਤੂਬਰ ਦੀਆਂ ਸੰਸਦੀ ਚੋਣਾਂ ਵਿੱਚ ਸਭ ਤੋਂ ਜ਼ਿਆਦਾ ਸੀਟਾਂ ਜਿੱਤੀਆਂ ਸਨ ਪਰ ਉਹ ਬਹੁਮਤ ਤੱਕ ਨਹੀਂ ਪਹੁੰਚ ਸਕੇ ਸਨ।