ਪਟਿਆਲਾ, 25 ਜੁਲਾਈ
ਸਥਾਨਕ ਸਰਹਿੰਦ ਰੋਡ ਸਥਿਤ ਨਵੀਂ ਅਨਾਜ ਮੰਡੀ ਵਿੱਚ ਅੱਜ ਇਕ ਪੁਰਾਣੀ ਇਮਾਰਤ ਦੇ ਨਵੀਨੀਕਰਨ ਦੇ ਚੱਲ ਰਹੇ ਕੰਮ ਦੌਰਾਨ ਇੱਕ ਪਿੱਲਰ ਡਿੱਗ ਗਿਆ, ਜਿਸ ਹੇਠਾਂ ਦੱਬ ਕੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ ਹੈ। ਮ੍ਰਿਤਕਾਂ ਦੀ ਪਛਾਣ ਹਰਜੀਤ ਸਿੰਘ (35) ਵਾਸੀ ਸਨੌਰਹੇੜੀ ਜ਼ਿਲ੍ਹਾ ਪਟਿਆਲਾ ਤੇ ਹੈਪੀ (34) ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਇਆ ਰਾਜਾ ਰਾਮ (60) ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਹਾਦਸੇ ਦਾ ਕਾਰਨ ਬਣੀ ਇਮਾਰਤ ਅਨਾਜ ਮੰਡੀ ਵਿਚ ਸਥਿਤ ਇੱਕ ਢਾਬੇ ਦੇ ਬਿਲਕੁਲ ਨਾਲ ਲੱਗਦੀ ਹੈ। ਇਸ ਇਮਾਰਤ ਦੇ ਮਾਲਕ ਨੇ ਲਗਪਗ ਦਸ ਦਿਨ ਪਹਿਲਾਂ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ ਸੀ। ਇਸ ਦੌਰਾਨ ਅੱਜ ਇੱਕ ਪਿੱਲਰ ਡਿੱਗ ਪਿਆ ਤੇ ਇਹ ਹਾਦਸਾ ਵਾਪਰ ਗਿਆ। ਇੱਕ ਮਜ਼ਦੂਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦਕਿ ਦੂਜੇ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਜ਼ਖ਼ਮੀ ਹੋਏ ਤੀਜੇ ਮਜ਼ਦੂਰ ਦੀ ਹਾਲਤ ਹਾਲੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਥਾਣਾ ਅਨਾਜ ਮੰਡੀ ਦੇ ਐੱਸਐੱਚਓ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਇਸ ਸਬੰਧੀ ਠੇਕੇਦਾਰ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ।