ਇਸਲਾਮਾਬਾਦ, 5 ਜੁਲਾਈ
ਇਸਲਾਮਾਬਾਦ ਹਾਈ ਕੋਰਟ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਇਮਰਾਨ ਖਾਨ ਖ਼ਿਲਾਫ਼ ਤੋਸ਼ਾਖਾਨਾ ਮਾਮਲੇ ’ਤੇ ਅੱਜ ਕਿਹਾ ਕਿ ਇਹ ਕੇਸ ਸੁਣਵਾਈ ਯੋਗ ਨਹੀਂ ਹੈ। ਵਧੀਕ ਸੈਸ਼ਨ ਜੱਜ ਹਮਾਯੂੰ ਦਿਲਾਵਰ ਨੇ 10 ਮਈ ਨੂੰ ਤੋਸ਼ਾਖਾਨਾ ਮਾਮਲੇ ’ਚ ਖਾਨ (70) ਨੂੰ ਦੋਸ਼ੀ ਠਹਿਰਾਉਂਦਿਆਂ ਮਾਮਲੇ ਦੇ ਸੁਣਵਾਈ ਯੋਗ ਨਾ ਹੋਣ ਦੀਆਂ ਦਲੀਲਾਂ ਖਾਰਜ ਕਰ ਦਿੱਤੀਆਂ ਸਨ। ਇਸ ਫ਼ੈਸਲੇ ਖ਼ਿਲਾਫ਼ ਪੀਟੀਆਈ ਮੁਖੀ ਨੇ ਇਸਲਾਮਾਬਾਦ ਹਾਈ ਕੋਰਟ ਦਾ ਰੁਖ਼ ਕੀਤਾ ਸੀ ਜਿਸ ਨੇ ਕਿਸੇ ਵੀ ਅਪਰਾਧਿਕ ਕਾਰਵਾਈ ’ਤੇ 8 ਜੁਲਾਈ ਤੱਕ ਰੋਕ ਲਗਾ ਦਿੱਤੀ ਸੀ।
ਜਸਟਿਸ ਆਮਿਰ ਫਾਰੂਕ ਨੇ ਜੂਨ ’ਚ ਸੁਣਵਾਈ ਮੁੜ ਸ਼ੁਰੂ ਹੋਦ ਮਗਰੋਂ 23 ਜੂਨ ਨੂੰ ਪਟੀਸ਼ਨ ’ਤੇ ਆਪਣਾ ਫ਼ੈਸਲਾ ਰਾਖਵਾਂ ਰਖਦਿਆਂ ਕੇਸ ਈਦ ਤੋਂ ਬਾਅਦ ਲਈ ਸੂਚੀਬੱਧ ਕੀਤਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਚੀਫ ਜਸਟਿਸ ਆਮਿਰ ਫਾਰੂਕ ਨੇ ਖਾਨ ਖ਼ਿਲਾਫ਼ ਕੇਸ ’ਤੇ ਕਿਹਾ ਕਿ ਇਹ ਸੁਣਵਾਈ ਯੋਗ ਨਹੀਂ ਹੈ। ਤੋਸ਼ਾਖਾਨਾ ਕੈਬਨਿਟ ਡਿਵੀਜ਼ਨ ਦੇ ਪ੍ਰਸ਼ਾਸਨਿਕ ਕੰਟਰੋਲ ਵਾਲਾ ਵਿਭਾਗ ਹੈ ਜਿੱਥੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਤੇ ਮੁਲਕਾਂ ਦੇ ਮੁਖੀਆਂ ਵੱਲੋਂ ਪਾਕਿਸਤਾਨੀ ਸ਼ਾਸਕਾਂ, ਸੰਸਦ ਮੈਂਬਰਾਂ, ਨੌਕਰਸ਼ਾਹਾਂ ਤੇ ਅਧਿਕਾਰੀਆਂ ਨੂੰ ਦਿੱਤੇ ਗਏ ਤੋਹਫੇ ਰੱਖੇ ਜਾਂਦੇ ਹਨ। ਇਮਰਾਨ ’ਤੇ 2018 ਤੋਂ 2022 ਦਰਮਿਆਨ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਅਹੁਦੇ ਦੀ ਦੁਰਵਰਤੋਂ ਇਹ ਤੋਹਫੇ ਖਰੀਦਣ ਤੇ ਵੇਚਣ ਲਈ ਕਰਨ ਦਾ ਦੋਸ਼ ਹੈ। ਇਨ੍ਹਾਂ ਤੋਹਫ਼ਿਆਂ ਦੀ ਕੀਮਤ 14 ਕਰੋੜ ਰੁਪਏ ਤੋਂ ਵੱਧ ਹੈ। ਇਸੇ ਦਰਮਿਆਨ ਪੀਟੀਆਈ ਦੇ ਵਕੀਲ ਗੌਹਰ ਖਾਨ ਨੇ ਇਸ ਫ਼ੈਸਲੇ ਨੂੰ ਜਿੱਤ ਕਰਾਰ ਦਿੱਤਾ।