ਇਸਲਾਮਾਬਾਦ, 20 ਮਾਰਚ

ਇੱਥੇ ਅਦਾਲਤ ਕੰਪਲੈਕਸ ਦੇ ਬਾਹਰ ਹੰਗਾਮਾ ਕਰਨ ਅਤੇ ਸੁਰੱਖਿਆ ਕਰਮੀਆਂ ’ਤੇ ਹਮਲਾ, ਭੰਨ੍ਹ-ਤੋੜ ਕਰਨ ਦੇ ਦੋਸ਼ਾਂ ਹੇਠ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਰੁੱਧ ਅਤਿਵਾਦ ਦਾ ਕੇਸ ਦਰਜ ਕੀਤਾ ਗਿਆ ਹੈ। ਕੁਝ ਪੀਟੀਆਈ ਆਗੂਆਂ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਇਮਰਾਨ ਆਪਣੇ ਸਮਰਥਕਾਂ ਨਾਲ ਭ੍ਰਿਸ਼ਟਾਚਾਰ ਦੇ ਕੇਸ ਵਿਚ ਸੁਣਵਾਈ ਲਈ ਜੁਡੀਸ਼ੀਅਲ ਕੰਪਲੈਕਸ ਪਹੁੰਚੇ ਸਨ। 

ਦੱਸਣਯੋਗ ਹੈ ਕਿ ਲਾਹੌਰ ਤੋਂ ਜਦ ਇਮਰਾਨ ਤੋਸ਼ਾਖਾਨਾ ਕੇਸ ਦੀ ਸੁਣਵਾਈ ਲਈ ਇਸਲਾਮਾਬਾਦ ਪਹੁੰਚੇ ਤਾਂ ਕੰਪਲੈਕਸ ਦੇ ਬਾਹਰ ਟਕਰਾਅ ਹੋ ਗਿਆ। ਇਸ ਹਿੰਸਕ ਟਕਰਾਅ ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਕਈ ਵਰਕਰ ਤੇ ਪੁਲੀਸ ਕਰਮੀ ਫੱਟੜ ਹੋ ਗਏ ਸਨ। 

ਇਸ ਕਾਰਨ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਨੂੰ ਸੁਣਵਾਈ 30 ਮਾਰਚ ਤੱਕ ਮੁਲਤਵੀ ਕਰਨੀ ਪਈ। ਇਸਲਾਮਾਬਾਦ ਪੁਲੀਸ ਵੱਲੋਂ ਕੀਤੀ ਐਫਆਈਆਰ ਵਿਚ 17 ਪਾਰਟੀ ਆਗੂਆਂ ਦਾ ਨਾਂ ਦਰਜ ਕੀਤਾ ਗਿਆ ਹੈ। ਐਫਆਈਆਰ ਮੁਤਾਬਕ ਗ੍ਰਿਫ਼ਤਾਰ ਪਾਰਟੀ ਵਰਕਰਾਂ ਨੇ ਪੁਲੀਸ ਨਾਕੇ ਤੇ ਜੁਡੀਸ਼ੀਅਲ ਕੰਪਲੈਕਸ ਦੇ ਮੁੱਖ ਗੇਟ ਨੂੰ ਤੋੜ ਦਿੱਤਾ। ਭੰਨ੍ਹ-ਤੋੜ ਦੇ ਮਾਮਲੇ ਵਿਚ 18 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੇਸ ਮੁਤਾਬਕ ਪੁਲੀਸ ਦੇ ਵਾਹਨਾਂ ਨੂੰ ਵੀ ਨੁਕਸਾਨ ਪੁੱਜਾ ਸੀ। ਇਸੇ ਦੌਰਾਨ ਪੀਟੀਆਈ ਦੇ ਆਗੂ ਫਵਾਦ ਚੌਧਰੀ ਨੇ ਅੱਜ ਕਿਹਾ ਕਿ ਇਮਰਾਨ ਖਾਨ ਦੀ ਲਾਹੌਰ ਸਥਿਤ ਰਿਹਾਇਸ਼ ਵਿਚ ‘ਗੈਰਕਾਨੂੰਨੀ ਕਾਰਵਾਈ’ ਤੇ ਹਿੰਸਾ ਕਰਨ ਵਾਲੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਉਹ ਕੇਸ ਦਰਜ ਕਰਾਉਣਗੇ। ਉਨ੍ਹਾਂ ਕਿਹਾ ਕਿ ਪੁਲੀਸ ਨੇ ਇਮਰਾਨ ਦੀ ਰਿਹਾਇਸ਼ ਵਿਚ ਦਾਖਲ ਹੋ ਕੇ ਲਾਹੌਰ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਉਹ ਇਸ ਸਬੰਧੀ ਆਪਣੀ ਲੀਗਲ ਟੀਮ ਨਾਲ ਮੀਟਿੰਗ ਕਰ ਕੇ ਫ਼ੈਸਲਾ ਲੈਣਗੇ।