ਲਾਹੌਰ, 4 ਜਨਵਰੀ
ਪਾਕਿਸਤਾਨ ਦੇ ਗੱਦੀਓਂ ਲਾਂਭੇ ਕੀਤੇ ਗਏ ਪ੍ਰਧਾਨ ਮੰਤਰੀ ਇਮਰਾਨ ’ਤੇ ਹੋਏ ਹਮਲੇ ਦੀ ਜਾਂਚ ਕਰ ਰਹੀ ਸਾਂਝੀ ਜਾਂਚ ਟੀਮ (ਜੇਆਈਟੀ) ਨੇ ਕਿਹਾ ਕਿ ਉਨ੍ਹਾਂ ’ਤੇ ਚਾਰ ਪਾਸਿਆਂ ਤੋਂ ਫਾਇਰਿੰਗ ਕੀਤੀ ਗਈ ਸੀ ਅਤੇ ਫੜ੍ਹੇ ਗਏ ਸ਼ੱਕੀ ਤੋਂ ਇਲਾਵਾ ਹਮਲੇ ਵਿੱਚ ਤਿੰਨ ਹੋਰ ਸ਼ੂਟਰ ਸ਼ਾਮਲ ਸਨ। ਦੱਸਣਯੋਗ ਹੈ ਕਿ ਲੰਘੇ ਸਾਲ 3 ਨਵੰਬਰ ਨੂੰ ਵਜ਼ੀਰਬਾਦ ਵਿੱਚ ਮਾਰਚ ਦੌਰਾਨ ਦੋ ਹਥਿਆਰਬੰਦ ਹਮਲਾਵਰਾਂ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਚੇਅਰਮੈਨ ਇਮਰਾਨ ਖ਼ਾਨ ’ਤੇ ਗੋਲੀਆਂ ਚਲਾਈਆਂ ਸਨ। ਲੱਤ ’ਤੇ ਗੋਲੀਆਂ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਏ ਸਨ। ਹਮਲੇ ਦੌਰਾਨ ਗੋਲੀਆਂ ਲੱਗਣ ਕਾਰਨ ਕੁੱਲ 13 ਜਣੇ ਜ਼ਖ਼ਮੀ ਹੋਏ ਸਨ।
‘ਡਾਅਨ’ ਅਖਬਾਰ ਨੇ ਜੇਆਈਟੀ ਦੇ ਇੱਕ ਮੈਂਬਰ ਦੇ ਹਵਾਲੇ ਨਾਲ ਖ਼ਬਰ ਵਿੱਚ ਕਿਹਾ, ‘‘ਮੌਕੇ ਤੋਂ ਫੜ੍ਹੇ ਗਏ ਸ਼ੱਕੀ ਹਮਲਾਵਰ ਨਵੀਦ ਮੇਹਰ ਤੋਂ ਇਲਾਵਾ ਤਿੰਨ ਹੋਰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ।’’ ਸਾਂਝੀ ਟੀਮ ਨੇ ਪੀਟੀਆਈ ਦੀ ਰੈਲੀ ਦੌਰਾਨ ਸੁਰੱਖਿਆ ਪ੍ਰਬੰਧਾਂ ਵਿੱਚ ‘ਕੁਝ ਕੁਤਾਹੀਆਂ’ ਵੱਲ ਵੀ ਇਸ਼ਾਰਾ ਕੀਤਾ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਅਤਾਉੱਲ੍ਹਾ ਤਰਾਰ ਨੇ ਹਮਲੇ ਦੇ ਸਬੰਧ ਵਿੱਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਵਰਕਰਾਂ ਮੁਦੱਸਰ ਅਤੇ ਅਹਿਸਾਨ ਦੀ ‘‘ਗ਼ੈਰਕਾਨੂੰਨੀ ਹਿਰਾਸਤ’’ ਨੂੰ ਵੀ ਲਾਹੌਰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਅਦਾਲਤ ਦੇ ਬਾਹਰ ਤਰਾਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੇਆਈਟੀ ਵੱਲੋਂ ਪੀਐੱਮਐੱਲ-ਐੱਨ ਦੇ ਦੋ ਵਰਕਰਾਂ ਨੂੰ ਗ਼ੈਰਕਾਨੂੰਨੀ ਹਿਰਾਸਤ ’ਚ ਲਿਆ ਗਿਆ ਹੈ।