ਰੋਮ, 27 ਫਰਵਰੀ
ਇਟਲੀ ਦੇ ਦੱਖਣੀ ਤੱਟ ਨੇੜੇ ਅੱਜ ਇੱਕ ਕਿਸ਼ਤੀ ਦੇ ਚਟਾਨਾਂ ਨਾਲ ਟਕਰਾਉਣ ਮਗਰੋਂ 59 ਪਰਵਾਸੀਆਂ ਦੀ ਮੌਤ ਹੋ ਗਈ ਹੈ। ਹਾਦਸੇ ’ਚ 81 ਵਿਅਕਤੀਆਂ ਨੂੰ ਬਚਾਅ ਲਿਆ ਗਿਆ ਹੈ। ਇਟਲੀ ਤੱਟ ਰੱਖਿਅਕਾਂ ਅਤੇ ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਸਰਕਾਰੀ ਰੇਡੀਓ ‘ਆਰਆਈਏ’ ਦੀ ਖ਼ਬਰ ਵਿੱਚ ਮ੍ਰਿਤਕਾਂ ਦੀ ਗਿਣਤੀ 30 ਦੱਸੀ ਗਈ ਸੀ। ਇਟਲੀ ਦੀ ਖ਼ਬਰ ਏਜੰਸੀ ‘ੲੇਜੀਆਈ’ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਕੁਝ ਕੁ ਮਹੀਨਿਆਂ ਦੀ ਇੱਕ ਬੱਚੀ ਵੀ ਸ਼ਾਮਲ ਹੈ।
‘ਆਰਆਈਏ’ ਨੇ ਇਟਲੀ ਦੇ ਕੈਲੇਬਰੀਆ ਪ੍ਰਾਇਦੀਪ ਦੇ ਤੱਟੀ ਸ਼ਹਿਰ ਕਰੋਟੋਨ ਨੇੜੇ ਬੰਦਰਗਾਹ ਅਧਿਕਾਰੀਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸਵੇਰ ਸਮੇਂ ਜਦੋਂ ਲੋਨੀਅਲ ਸਮੁੰਦਰ ਵਿੱਚ ਕਿਸ਼ਤੀ ਹਾਦਸਾਗ੍ਰਸਤ ਹੋਈ, ਉਸ ਸਮੇਂ ਕਿਸ਼ਤੀ ਵਿੱਚ 100 ਤੋਂ ਵੱਧ ਲੋਕ ਸਵਾਰ ਸਨ। ਬਚਾਅ ਕਾਰਜਾਂ ਵਿੱਚ ਜੁਟੇ ਫਾਇਰਬ੍ਰਿਗੇਡ ਕਰਮਚਾਰੀਆਂ ਦੇ ਤਰਜਮਾਨ ਲੂਕਾ ਕਾਰੀ ਨੇ ਦੱਸਿਆ ਕਿ ਹੁਣ ਤੱਕ 81 ਵਿਅਕਤੀ ਜਿਊਂਦੇ ਮਿਲੇ ਹਨ, ਜਿਹੜੇ ਕਿ ਕਿਸ਼ਤੀ ਟੁੱਟਣ ਮਗਰੋਂ ਕਿਸੇ ਤਰ੍ਹਾਂ ਬਚਣ ਵਿੱਚ ਸਫਲ ਹੋ ਗਏ ਸਨ। ਤੱਟ ਰੱਖਿਅਕ ਨੇ ਦੱਸਿਆ, ‘‘ਕਿਸ਼ਤੀ ਵਿੱਚ ਲਗਪਗ 120 ਜਣੇ ਸਵਾਰ ਸਨ ਅਤੇ ਉਹ ਕਿਨਾਰੇ ਤੋਂ ਚੱਲਣ ਮਗਰੋਂ ਥੋੜ੍ਹੀ ਦੂਰ ਹੀ ਚਟਾਨ ਨਾਲ ਟਕਰਾ ਗਈ।’’ ਉਨ੍ਹਾਂ ਦੱਸਿਆ ਕਿ ਬਚਾਅ ਕਾਰਜ ਜਾਰੀ ਹਨ।
ਰੇਡੀਓ ਦੀ ਖਬਰ ਵਿੱਚ ਦੱਸਿਆ ਗਿਆ ਕਿ ਤੱਟ ਰੱਖਿਅਕਾਂ ਦੀਆਂ ਕਿਸ਼ਤੀਆਂ, ਬਾਰਡਰ ਪੁਲੀਸ ਅਤੇ ਫਾਇਰ ਬ੍ਰਿਗੇਡ ਅਮਲਾ ਬਚਾਅ ਕਾਰਜਾਂ ’ਚ ਜੁਟਿਆ ਹੋਇਆ ਹੈ।
ਸ਼ੁਰੂਆਤੀ ਰਿਪੋਰਟਾਂ ਵਿੱਚ ‘ਏਐੱਨਐੱਸਏ’ ਅਤੇ ‘‘ੲੇਜੀਆਈ’’ ਸਣੇ ਇਟਲੀ ਦੀਆਂ ਹੋਰ ਖ਼ਬਰ ਏਜੰਸੀਆਂ ਨੇ ਦੱਸਿਆ ਸੀ ਕਿ ਤੱਟ ਤੋਂ 27 ਲਾਸ਼ਾਂ ਮਿਲੀਆਂ ਹਨ ਜਿਨ੍ਹਾਂ ਵਿੱਚ ਕੁਝ ਕੁ ਮਹੀਨਿਆਂ ਦੀ ਇੱਕ ਬੱਚੀ ਦੀ ਲਾਸ਼ ਵੀ ਸ਼ਾਮਲ ਹੈ। ਰੇਡੀਓ ਦੀ ਖਬਰ ਵਿੱਚ ਪਰਵਾਸੀਆਂ ਦੀ ਨਾਗਰਿਕਤਾ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਪਰ ਇਟਲੀ ਦੀ ਨਿਊਜ਼ ਏਜੰਸੀ ਐਂਡਕਰੋਨੋਸ ਨੇ ਦੱਸਿਆ ਕਿ ਕਿਸ਼ਤੀ ’ਚ ਸਵਾਰ ਲੋਕ ਇਰਾਨ, ਪਾਕਿਸਤਾਨ ਤੇ ਅਫ਼ਗਾਨਿਸਤਾਨ ਤੋਂ ਆੲੇ ਸਨ ਜਦਕਿ ਏਐੱਨਐੱਸਏ ਮੁਤਾਬਕ ਉਹ ਇਰਾਨ, ਇਰਾਕ, ਅਫ਼ਗਾਨਿਸਤਾਨ ਅਤੇ ਸੀਰੀਆ ਤੋਂ ਆਏ ਸਨ।