ਦਮਸ਼ਕਸ, 20 ਫਰਵਰੀ

ਇਜ਼ਰਾਈਲ ਨੇ ਹਵਾਈ ਹਮਲਿਆਂ ’ਚ ਸੀਰੀਆ ਦੀ ਰਾਜਧਾਨੀ ਦਮਸ਼ਕਸ ਵਿਚ ਰਿਹਾਇਸ਼ੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਹਮਲਿਆਂ ਵਿਚ ਕਰੀਬ ਪੰਜ ਜਣੇ ਮਾਰੇ ਗਏ ਹਨ ਤੇ 15 ਜ਼ਖ਼ਮੀ ਹੋ ਗਏ ਹਨ। ਰਾਤ ਕਰੀਬ 12.30 ’ਤੇ ਰਾਜਧਾਨੀ ਦੇ ਕੇਂਦਰੀ ਖੇਤਰ ਵਿਚ ਜ਼ੋਰਦਾਰ ਧਮਾਕੇ ਸੁਣੇ ਗਏ। ਸੀਰੀਆ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਦਮਸ਼ਕਸ ’ਚ ਇਨ੍ਹਾਂ ਹੱਲਿਆਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਇਕ ਖ਼ਬਰ ਏਜੰਸੀ ਮੁਤਾਬਕ ਕਈ ਰਿਹਾਇਸ਼ੀ ਇਮਾਰਤਾਂ ਨੁਕਸਾਨੀਆਂ ਗਈਆਂ ਹਨ।

ਮ੍ਰਿਤਕਾਂ ਵਿਚ ਇਕ ਸੈਨਿਕ ਵੀ ਸ਼ਾਮਲ ਹੈ। ਹਮਲਿਆਂ ਵਿਚ ਦਮਸ਼ਕਸ ਦਾ ਮੱਧ ਯੁੱਗ ਦਾ ਇਕ ਕਿਲਾ ਵੀ ਨੁਕਸਾਨਿਆ ਗਿਆ ਹੈ। ਇਸ ਵਿਚ ਇਕ ਕਲਾ ਸੰਸਥਾ ਚੱਲ ਰਹੀ ਹੈ। ਮਨੁੱਖੀ ਹੱਕਾਂ ਬਾਰੇ ਸੀਰੀਆ ਦੀ ਨਿਗਰਾਨ ਇਕਾਈ ਤੇ ਯੂਕੇ ਆਧਾਰਿਤ ਇਕਾਈ ਨੇ ਦੱਸਿਆ ਕਿ ਨਿਸ਼ਾਨਾ ਬਣਾਈਆਂ ਗਈਆਂ ਇਮਾਰਤਾਂ ਇਰਾਨੀ ਲੜਾਕਿਆਂ ਤੇ ਲਿਬਨਾਨ ਦੇ ਗਰੁੱਪ ਹਿਜ਼ਬੁੱਲ੍ਹਾ ਨਾਲ ਜੁੜੀਆਂ ਹਨ। ਇਜ਼ਰਾਈਲ ਲੰਮੇ ਸਮੇਂ ਤੋਂ ਦਮਸ਼ਕਸ ਦੇ ਬਾਹਰੀ ਇਲਾਕਿਆਂ ਵਿਚ ਕਈ ਥਾਵਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਹਾਲਾਂਕਿ ਸ਼ਹਿਰ ਵਿਚ ਅਜਿਹਾ ਕਰਨ ’ਚ ਉਹ ਸਫ਼ਲ ਨਹੀਂ ਹੋ ਸਕਿਆ। ਦੱਸਣਯੋਗ ਹੈ ਕਿ ਸੀਰੀਆ ਤੇ ਤੁਰਕੀ ਵਿਚ 6 ਫਰਵਰੀ ਨੂੰ 7.8 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ। ਇਸ ਤੋਂ ਪਹਿਲਾਂ ਦਮਸ਼ਕਸ ’ਤੇ 2 ਜਨਵਰੀ ਨੂੰ ਹਮਲਾ ਕੀਤਾ ਗਿਆ ਸੀ। ਉਸ ਵੇਲੇ ਇਜ਼ਰਾਇਲੀ ਫ਼ੌਜ ਨੇ ਦਮਸ਼ਕਸ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਸੀ। ਇਸ ਹਮਲੇ ਵਿਚ ਦੋ ਸੈਨਿਕ ਮਾਰੇ ਗਏ ਸਨ ਤੇ ਹੋਰ ਫੱਟੜ ਹੋ ਗਏ ਸਨ। ਇਜ਼ਰਾਈਲ ਨੇ ਸਰਕਾਰੀ ਕੰਟਰੋਲ ਵਾਲੇ ਸੀਰੀਆ ਦੇ ਕਈ ਹਿੱਸਿਆਂ ਨੂੰ ਪਿਛਲੇ ਸਾਲਾਂ ਦੌਰਾਨ ਨਿਸ਼ਾਨਾ ਬਣਾਇਆ ਹੈ।

ਹਾਲਾਂਕਿ ਇਨ੍ਹਾਂ ਅਪਰੇਸ਼ਨਾਂ ਦੀ ਉਨ੍ਹਾਂ ਖੁੱਲ੍ਹ ਕੇ ਜ਼ਿੰਮੇਵਾਰੀ ਨਹੀਂ ਲਈ। ਇਜ਼ਰਾਈਲ ਨੇ ਹਾਲਾਂਕਿ ਇਹ ਮੰਨਿਆ ਹੈ ਕਿ ਉਨ੍ਹਾਂ ਇਰਾਨ ਨਾਲ ਜੁੜੇ ਅਤਿਵਾਦੀ ਗਰੁੱਪਾਂ ਜਿਵੇਂ ਕਿ ਹਿਜ਼ਬੁੱਲ੍ਹਾ, ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਹਿਜ਼ਬੁੱਲ੍ਹਾ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਸਦ ਦੀਆਂ ਫ਼ੌਜਾਂ ਦੀ ਮਦਦ ਲਈ ਹਜ਼ਾਰਾਂ ਲੜਾਕੇ ਭੇਜੇ ਹਨ।