ਚੰਡੀਗੜ, 21 ਦਸੰਬਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਨਕਮ ਟੈਕਸ ਵਿਭਾਗ ਵੱਲੋਂ ਕਿਸਾਨਾਂ ਦਾ ਸਾਥ ਦੇਣ ਦੀ ਸਜਾ ਦੇਣ ਲਈ ਆੜਤੀਆਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਨੂੰ ਬਦਲੇ ਦੀ ਰਾਜਨੀਤੀ ਅਤੇ ਕੇਂਦਰ ਦਾ ਅੱਤ ਮੰਦਭਾਗਾ ਵਿਹਾਰ ਕਰਾਰ ਦਿੱਤਾ ਹੈ। ਉਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਤਰਾਂ ਦੇ ਦਬਾਅ ਅੱਗੇ ਝੁੱਕਣ ਵਾਲੇ ਨਹੀਂ ਹਨ।

ਅੱਜ ਇੱਥੋਂ ਜਾਰੀ ਬਿਆਨ ਵਿਚ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਗੁੁਰੂ ਘਰ ਜਾਣ ਦਾ ਸਵਾਗਤ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ  ਕੀਤੀ ਕਿ ਉਹ ਕੇਂਦਰ ਸਰਕਾਰ ਵਿਚ ਸੱਤਾ ਵਿਚ ਬਿਰਾਜਮਾਨ ਆਗੂਆਂ ਨੂੰ ਲੋਕਾਂ ਦੀ ਅਵਾਜ ਸੁਣਨ ਦਾ ਬਲ ਬਖਸ਼ਣ। ਜਿਕਰਯੋਗ ਹੈ ਬੀਤੇ ਦਿਨ ਹੀ ਸੁਨੀਲ ਜਾਖੜ ਨੇ ਆਪਣੀ ਪ੍ਰੈਸ ਕਾਨਫਰੰਸ ਵਿਚ ਪ੍ਰਧਾਨ ਮੰਤਰੀ ਨੂੰ ਅਜਿਹੀ ਸਲਾਹ ਦਿੱਤੀ ਸੀ। ਉਨਾਂ ਨੇ ਕਿਹਾ ਕਿ ਇਸ ਤੋਂ ਜਾਪਦਾ ਹੈ ਕਿ ਪ੍ਰਧਾਨ ਮੰਤਰੀ ਲੋਕਾਂ ਦੀ ਗੱਲ ਸੁਣਨ ਤਾਂ ਲੱਗੇ ਹਨ। ਉਨਾਂ ਨੇ ਕਿਹਾ ਕਿ ਜਿਸ ਤਰਾਂ ਗੁਰੂ ਘਰ ਜਾਣ ਦੀ ਸਲਾਹ ਨੂੰ ਪ੍ਰਧਾਨ ਮੰਤਰੀ ਨੇ ਚੰਗੀ ਤਰਾਂ ਲਿਆ ਹੈ ਉਸੇ ਤਰਾਂ ਉਨਾਂ ਜੋ ਕੱਲ ਇਕ ਹੋਰ ਬੇਨਤੀ ਕੀਤੀ ਸੀ ਕਿ ਚੰਗਾ ਹੋਵੇ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਬੁੱਢੀ ਮਾਈ ਦੀ ਅਰਜ ਸੁਣਨ ਜਿਸ ਨੇ ਆਪਣਾ ਪੁੱਤਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਵਾਰ ਦਿੱਤਾ ਸੀ ਅਤੇ ਹੁਣ ਆਪਣੇ ਪੋਤਰੇ ਨਾਲ ਮੁਲਕ ਦੀ ਕਿਸਾਨੀ ਨੂੰ ਕਾਰਪੋਰੇਟਾਂ ਤੋਂ ਬਚਾਉਣ ਲਈ ਦਿੱਲੀ ਸੰਘਰਸ਼ ਕਰ ਰਹੀ ਹੈ। ਉਨਾਂ ਨੇ ਆਸ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਹੁਣ ਕਿਸਾਨਾਂ ਦੀ ਅਵਾਜ ਸੁਣਨਗੇ ਜੋ ਪਿੱਛਲੇ ਕਈ ਦਿਨਾਂ ਤੋਂ ਦਿੱਲੀ ਵਿਖੇ ਧਰਨਾ ਦੇ ਰਹੇ ਹਨ।

 ਜਾਖੜ ਨੇ ਇੱਥੋਂ ਜਾਰੀ ਬਿਆਨ ਵਿਚ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਦੇ ਅੰਦੋਲਣ ਨੂੰ ਫੇਲ ਕਰਨ ਲਈ ਹਰ ਹੱਥਕੰਡਾ ਅਪਨਾ ਰਹੀ ਹੈ ਪਰ ਸਾਇਦ ਉਨਾਂ ਨੇ ਪੰਜਾਬੀਆਂ ਦੇ ਸੁਭਾਅ ਨੂੰ ਹਾਲੇ ਤੱਕ ਸਮਝਿਆ ਹੀ ਨਹੀਂ ਹੈ। ਉਨਾਂ ਨੇ ਕਿਹਾ ਕਿ ਕਿਸਾਨ ਅਤੇ ਆੜਤੀਏ ਦਾ ਰਿਸਤਾ ਬਹੁਤ ਨੇੜਤਾ ਵਾਲਾ ਹੈ ਅਤੇ ਇਸ ਰਿਸਤੇ ਨੂੰ ਇਸ ਤਰਾਂ ਦੇ ਕੋਝੇ ਹੱਥਕੰਡਿਆਂ ਨਾਲ ਤੋੜਿਆਂ ਨਹੀਂ ਜਾ ਸਕਦਾ ਹੈ। ਉਨਾਂ ਨੇ ਕਿਹਾ ਕਿ ਕੇਂਦਰ ਦੀ ਇਹ ਕਾਰਵਾਈ ਦੇਸ਼ ਦੇ ਸੰਘੀ ਢਾਂਚੇ ਦੇ ਵੀ ਖਿਲਾਫ ਹੈ ਜਿਸ ਦੇ ਉਲਟ ਜਾ ਕੇ ਕੇਂਦਰ ਸਰਕਾਰ ਆਪਣੇ ਖਿਲਾਫ ਉਠਣ ਵਾਲੀ ਹਰ ਅਵਾਜ ਨੂੰ ਜਾਇਜ ਨਜਾਇਜ ਤਰੀਕੇ ਨਾਲ ਰੋਕਣ ਵਿਚ ਲੱਗੀ ਹੋਈ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਇਸ ਵੇਲੇ ਪੂਰੇ ਮੁਲਕ ਦੀ ਲੜਾਈ ਲੜ ਰਿਹਾ ਹੈ। ਉਨਾਂ ਨੇ ਕਿਹਾ ਕਿ ਪੰਜਾਬੀਆਂ ਦੇ ਇਸ ਸੰਘਰਸ਼ ਨੂੰ ਅਗਲੀਆਂ ਪੀੜੀਆਂ ਯਾਦ ਕਰਿਆ ਕਰਣਗੀਆਂ ਜਿੰਨਾਂ ਨੇ ਪੂਰੇ ਮੁਲਕ ਦੇ ਕਿਸਾਨ, ਮਜਦੂਰ ਤੇ ਗਰੀਬ ਦੇ ਹਿੱਤਾਂ ਦੀ ਰਾਖੀ ਲਈ ਹਰ ਔਂਕੜ ਸਹਿ ਕੇ ਇਹ ਸੰਘਰਸ਼ ਕਰਨ ਦੀ ਹਿੰਮਤ ਕੀਤੀ। ਉਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਤਰਾਂ ਦੀ ਗੰਦੀ ਰਾਜਨੀਤੀ ਕਰਨ ਦੀ ਬਜਾਏ ਬਿਨਾਂ ਦੇਰੀ ਕਾਲੇ ਖੇਤੀ ਕਾਨੂੰਨ ਵਾਪਿਸ ਲੈ ਕੇ ਕਿਸਾਨਾਂ ਦੀ ਮੰਗ ਮੰਨੇ।