ਬ੍ਰਿਸਬਨ, 14 ਦਸੰਬਰ
ਆਸਟਰੇਲੀਆ ਦੇ ਪੇਂਡੂ ਇਲਾਕੇ ਵਿੱਚ ਦੋ ਪੁਲੀਸ ਅਧਿਕਾਰੀਆਂ ਸਮੇਤ 6 ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਧਿਕਾਰੀਆਂ ਅਨੁਸਾਰ ਉਹ ਇੱਕ ਲਾਪਤਾ ਵਿਅਕਤੀ ਦੀ ਰਿਪੋਰਟ ਦੀ ਜਾਂਚ ਲਈ ਉਥੇ ਪੁੱਜੇ ਸਨ।
ਪੁਲੀਸ ਨੇ ਦੱਸਿਆ ਕਿ ਇਹ ਘਟਨਾ ਸ਼ਾਮ 4.45 ਵਜੇ ਵਾਪਰੀ ਜਦੋਂ ਚਾਰ ਅਧਿਕਾਰੀ ਕੁਈਨਜ਼ਲੈਂਡ ਰਾਜ ਵਿੱਚ ਇੱਕ ਪੇਂਡੂ ਇਲਾਕੇ ਵਿੱਚ ਪੁੱਜੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹਥਿਆਰਾਂ ਨਾਲ ਲੈਸ ਦੋ ਵਿਅਕਤੀਆਂ ਨੇ ਵਿਏਮਬਿਲਾ ਵਿੱਚ ਅਧਿਕਾਰੀਆਂ ’ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਦੋ ਪੁਲੀਸ ਅਧਿਕਾਰੀ ਮਾਰੇ ਗਏ। ਪੁਲੀਸ ਨੇ ਵੀ ਜਵਾਬੀ ਗੋਲੀਬਾਰੀ ਕੀਤੀ। ਗੋਲੀਬਾਰੀ ਵਿੱਚ ਇੱਕ ਗੁਆਂਢੀ ਵੀ ਮਾਰਿਆ ਗਿਆ ਹੈ। ਕੁਈਨਜ਼ਲੈਂਡ ਪੁਲੀਸ ਕਮਿਸ਼ਨਰ ਕੈਟਰੀਨਾ ਕੈਰੋਲ ਨੇ ਕਿਹਾ ਕਿ ਇਸ ਹਮਲੇ ਵਿੱਚ ਇਕ ਹੋਰ ਪੁਲੀਸ ਅਧਿਕਾਰੀ ਨੂੰ ਗੋਲੀ ਲੱਗੀ ਹੈ ਅਤੇ ਚੌਥਾ ਪੁਲੀਸ ਅਧਿਕਾਰੀ ਬਚ ਨਿਕਲਿਆ। ਉਨ੍ਹਾਂ ਕਿਹਾ ਕਿ ਇਹ ਇੱਕ ਚਮਤਕਾਰ ਸੀ ਕਿ ਇਸ ਹਮਲੇ ਵਿੱਚ ਦੋ ਅਧਿਕਾਰੀ ਬਚ ਗਏ ਹਨ ਅਤੇ ਇੱਕ ਨੇ ਉੱਚ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਵਿਸ਼ੇਸ਼ ਪੁਲੀਸ ਅਫਸਰਾਂ ਅਤੇ ਹਵਾਈ ਮਦਦ ਸੱਦੀ ਗਈ ਅਤੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ।
ਪੁਲੀਸ ਅਨੁਸਾਰ ਰਾਤ 10.30 ਵਜੇ ਦੇ ਕਰੀਬ ਇਕ ਹੋਰ ਮੁਕਾਬਲੇ ਵਿੱਚ ਤਿੰਨ ਵਿਅਕਤੀ ਮਾਰੇ ਗਏ ਹਨ, ਜਿਨ੍ਹਾਂ ਵਿਚ ਇਕ ਔਰਤ ਵੀ ਸੀ। ਕੈਰੋਲ ਨੇ ਕਿਹਾ ਕਿ ਮਾਰੇ ਗਏ ਤਿੰਨੇ ਵਿਅਕਤੀਆਂ ਨੂੰ ਮੁਲਜ਼ਮ ਮੰਨਿਆ ਜਾ ਰਿਹਾ ਹੈ। ਹਮਲੇ ਵਿੱਚ ਮਾਰੇ ਗਏ ਪੁਲੀਸ ਅਫਸਰਾਂ ਦੀ ਪਛਾਣ ਕਾਂਸਟੇਬਲ ਮੈਥਿਊ ਆਰਨੋਲਡ (26) ਅਤੇ ਰਾਚੇਲ ਮੈਕਰੌਂ (29) ਦੱਸੀ ਗਈ ਹੈ। ਆਰਨੋਲਡ ਨੇ 2020 ਵਿੱਚ ਅਤੇ ਮੈਕਰੌਂ ਨੇ 2021 ਵਿੱਚ ਪੁਲੀਸ ਅਧਿਕਾਰੀ ਵਜੋਂ ਸਹੁੰ ਚੁੱਕੀ ਸੀ।