ਬ੍ਰਿਸਬੇਨ : ਆਸਟਰੇਲੀਆ ਦੇ ਮਸ਼ਹੂਰ ਤੈਰਾਕੀ ਕੋਚ ਅਤੇ ਆਸਟਰੇਲੀਆਈ ਖੇਡ ਸੰਸਥਾ ਦੇ ਸੰਸਥਾਪਕ ਨਿਰਦੇਸ਼ਕ ਡਾਨ ਟੈਲਬੋਟ ਦਾ ਦਿਹਾਂਤ ਹੋ ਗਿਆ ਹੈ। ਉਹ 87 ਸਾਲ ਦੇ ਸਨ। ਆਸਟਰੇਲੀਆਈ ਖੇਡ ਹਾਲ ਆਫ ਫੇਮ ਨੇ ਬੁੱਧਵਾਰ ਨੂੰ ਬਿਆਨ ਜਾਰੀ ਕਰਕੇ ਟੈਲਬੋਟ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ।
ਆਸਟਰੇਲੀਆਈ ਤੈਰਾਕੀ ਸੰਘ ਨੇ ਕਿਹਾ ਕਿ ਟੈਲਬੋਟ ਨੇ ਕੁਈਂਸਲੈਂਡ ਦੇ ਗੋਲਡ ਕੋਸਟ ਵਿਚ ਆਖ਼ਰੀ ਵਾਰ ਸਾਹ ਲਿਆ। ਹਾਲ ਆਫ ਫੇਮ ਦੇ ਪ੍ਰਧਾਨ ਜਾਨ ਬਰਟਰੈਂਡ ਨੇ ਕਿਹਾ, ‘ਜਾਨ ਟੈਲਬੋਟ ਆਸਟਰੇਲੀਆਈ ਤੈਰਾਕੀ ਦੇ ਸੁਨਹਿਰੀ ਯੁੱਗ ਵਿਚ ਉਸ ਦੇ ਮੁਖੀ ਸਨ। ਕੋਚਿੰਗ ਦੇ ਜਾਦੂਗਰ ਨੇ ਆਸਟਰੇਲੀਆ ਦੀ ਰਾਸ਼ਟਰੀ ਟੀਮ ਵਿਚ ਵਾਪਸੀ ਕਰਕੇ ਉਸ ਨੂੰ ਸਭ ਤੋਂ ਉੱਤਮ ਨਤੀਜੇ ਦਿਵਾਏ। ਉਨ੍ਹਾਂ ਨੇ ਬਿਹਤਰ ਪ੍ਰਦਰਸ਼ਨ ਨੂੰ ਲੈ ਕੇ ਲੋਕਾਂ ਦੀ ਸੋਚ ਬਦਲ ਦਿੱਤੀ ਸੀ।’
ਟੈਲਬੋਟ ਨੇ 1950 ਦੇ ਦਹਾਕੇ ਵਿਚ ਆਪਣੇ ਕੋਚਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ 1989 ਵਿਚ ਆਸਟਰੇਲੀਆਈ ਤੈਰਾਕੀ ਕੋਚ ਦੇ ਰੂਪ ਵਿਚ ਵਾਪਸੀ ਕਰਣ ਤੋਂ ਪਹਿਲਾਂ ਕੈਨੇਡਾ ਅਤੇ ਅਮਰੀਕਾ ਦੇ ਵੀ ਕੋਚ ਰਹਿ ਚੁੱਕੇ ਸਨ। ਉਨ੍ਹਾਂ ਦੇ ਰਹਿੰਦੇ ਹੋਏ ਆਸਟਰੇਲੀਆ ਨੇ ਸਿਡਨੀ ਓਲੰਪਿਕ 2000 ਵਿਚ ਤੈਰਾਕੀ ਵਿਚ 5 ਗੋਲਡ, 9 ਚਾਂਦੀ ਅਤੇ 4 ਕਾਂਸੀ ਦੇ ਮੈਡਲ ਜਿੱਤੇ ਸਨ।