ਸਿਡਨੀ, 13 ਦਸੰਬਰ

ਰਿਸ਼ਬ ਪੰਤ ਤੇ ਹਨੁਮਾ ਵਿਹਾਰੀ ਦੇ ਸੈਂਕੜਿਆਂ ਨਾਲ ਅੱਜ ਭਾਰਤ ਨੇ ਆਸਟਰੇਲੀਆ (ਏ) ਟੀਮ ਖਿਲਾਫ਼ ਅਭਿਆਸ ਮੈਚ ਦੇ ਦੂਜੇ ਦਿਨ ਚਾਰ ਵਿਕਟਾਂ ਦੇ ਨੁਕਸਾਨ ’ਤੇ 386 ਦੌੜਾਂ ਬਣਾ ਲਈਆਂ ਹਨ। ਇਸ ਤੋਂ ਪਹਿਲਾਂ ਭਾਰਤੀ ਟੀਮ ਨੂੰ ਪਹਿਲੀ ਪਾਰੀ ਵਿਚ 86 ਦੌੜਾਂ ਦੀ ਲੀਡ ਹਾਸਲ ਹੋਈ ਸੀ ਤੇ ਅੱਜ ਦੀਆਂ ਦੌੜਾਂ ਨਾਲ ਇਹ ਲੀਡ ਵਧ ਕੇ 472 ਦੌੜਾਂ ਹੋ ਗਈ ਹੈ। ਪੰਤ ਨੇ ਨੌਂ ਚੌਕਿਆਂ ਤੇ ਛੇ ਛੱਕਿਆਂ ਦੀ ਮਦਦ ਨਾਲ 73 ਗੇਂਦਾਂ ਵਿਚ 103 ਦੌੜਾਂ ਬਣਾਈਆਂ ਤੇ ਉਹ ਮੈਚ ਖਤਮ ਹੋਣ ਤਕ ਕਰੀਜ਼ ’ਤੇ ਡਟਿਆ ਹੋਇਆ ਸੀ। ਪੰਤ ਦੀ ਤੂਫਾਨੀ ਪਾਰੀ ਨਾਲ ਉਸ ਦੀ ਆਸਟਰੇਲੀਆ ਖ਼ਿਲਾਫ਼ 17 ਦਸੰਬਰ ਤੋਂ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿਚ ਥਾਂ ਪੱਕੀ ਹੋ ਗਈ ਹੈ। ਦੂਜੇ ਪਾਸੇ ਵਿਹਾਰੀ ਨੇ 104 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਪਹਿਲੀ ਪਾਰੀ ਵਿਚ 194 ਦੌੜਾਂ ਬਣਾਈਆਂ ਸੀ ਜਦਕਿ ਆਸਟਰੇਲਿਆਈ ਟੀਮ 108 ਦੌੜਾਂ ’ਤੇ ਹੀ ਸਿਮਟ ਗਈ ਸੀ।