ਸਿਡਨੀ, 6 ਜੂਨ
ਰੀਓ ਓਲੰਪਿਕ ’ਚ ਚਾਂਦੀ ਦਾ ਤਗਮਾ ਜੇਤੂ ਪੀ ਵੀ ਸਿੰਧੂ ਅਤੇ ਸਮੀਰ ਵਰਮਾ ਆਸਟਰੇਲਿਆਈ ਓਪਨ ਵਿਸ਼ਵ ਟੂਰ ਸੁਪਰ 300 ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਦਾਖਲ ਹੋ ਗਏ ਹਨ। ਵਿਸ਼ਵ ਦੀ ਪੰਜਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਇੰਡੋਨੇਸ਼ੀਆ ਦੀ ਚੋਇਰੂਨਿਸਾ ਨੂੰ 21-14, 21-09 ਨਾਲ ਹਰਾਇਆ। ਹੁਣ ਉਸ ਦਾ ਮੁਕਾਬਲਾ ਥਾਈਲੈਂਡ ਦੀ ਲਿਚਾਓਨ ਜਿੰਦਾਪੋਲ ਨਾਲ ਹੋਵੇਗਾ। ਛੇਵਾਂ ਦਰਜਾ ਪ੍ਰਾਪਤ ਸਮੀਰ ਨੇ ਮਲੇਸ਼ੀਆ ਦੀ ਲੀ ਜੀ ਜੀਆ ਨੂੰ 21-15, 16-21 ਅਤੇ 21-12 ਨਾਲ ਮਾਤ ਦਿੱਤੀ। ਉਨ੍ਹਾਂ ਨੂੰ ਪਿਛਲੇ ਮਹੀਨੇ ਸੁਦੀਰਮਨ ਕੱਪ ਵਿੱਚ ਇਸੇ ਖਿਡਾਰਨ ਤੋਂ ਸ਼ਿਕਸਤ ਮਿਲੀ ਸੀ। ਹੁਣ ਉਨ੍ਹਾਂ ਦਾ ਮੁਕਾਬਲਾ ਚੀਨੀ ਤਾਈਪੈ ਦੇ ਵਾਂਗ ਜੂ ਵੇਈ ਨਾਲ ਹੋਵੇਗਾ। ਸਿੰਗਾਪੁਰ ਓਪਨ ਚੈਂਪੀਅਨ ਬੀ ਸਾਈ ਪ੍ਰਣੀਤ ਨੇ ਕੋਰੀਆ ਦੇ ਡੀ ਡੋਂਗ ਕਿਯੂਨ ਨੂੰ 21-16, 21-14 ਨਾਲ ਹਰਾਇਆ। ਹੁਣ ਉਹ ਇੰਡੋਨੇਸ਼ੀਆ ਦੇ ਐਂਥਨੀ ਸਿਨੀਸੁਕਾ ਜਿੰਟਿੰਗ ਨਾਲ ਭਿੜਨਗੇ। ਪੁਰਸ਼ ਡਬਲਜ਼ ਵਿੱਚ ਭਾਰਤ ਦੇ ਸਾਤਵਿਕ ਸਾਈਰਾਜ ਰਾਂਕੀ ਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਮਨੂ ਅਤਰੀ ਅਤੇ ਬੀ ਸੁਮੀਤ ਰੈੱਡੀ ਨੂੰ 21-12, 21-16 ਨਾਲ ਹਰਾਇਆ। ਹੁਣ ਉਹ ਦੁੂਜਾ ਦਰਜਾ ਪ੍ਰਾਪਤ ਚੀਨ ਦੇ ਲੀ ਜੁਨਹੁਈ ਅਤੇ ਲਿਊ ਯੂਚੇਨ ਨਾਲ ਖੇਡਣਗੇ। ਅਸ਼ਵਨੀ ਪੋਨੱਪਾ ਅਤੇ ਐਨ ਸਿੱਕੀ ਰੈੱਡੀ ਨੂੰ ਕੋਰੀਆ ਦੀ ਬਾਇਕ ਹਾ ਨਾ ਅਤੇ ਕਿਮ ਹਾਏ ਰਿਨ ਨੇ 21-14, 21-13 ਨਾਲ ਹਰਾਇਆ।