ਮੈਲਬੌਰਨ, 23 ਜਨਵਰੀ
ਸਪੇਨ ਦੇ ਰਾਫੇਲ ਨਡਾਲ ਨੇ ਆਪਣੀ ਬਿਹਤਰੀਨ ਫਰਮ ਨੂੰ ਜਾਰੀ ਰੱਖਦਿਆਂ ਕੁਆਰਅਰ ਫਾਈਨਲ ਵਿਚ ਕੁੱਝ ਸਿਖ਼ਰਲੇ ਖਿਡਾਰੀਆ ਨੂੰ ਬਾਹਰ ਦਾ ਰਸਤਾ ਦਿਖਾਉਣ ਵਾਲੇ ਅਮਰੀਕਾ ਦੇ ਫਰਾਂਸਿਸ ਟਿਫਾਊ ਨੂੰ ਆਸਾਨੀ ਨਾਲ ਹਰਾ ਕੇ ਪੁਰਸ਼ ਸਿੰਗਲਜ਼ ਵਰਗ ਦੇ ਸੈਮੀਫਾਈਨਲ ਵਿਚ ਪੁੱਜ ਗਿਆ ਹੈ। ਮਹਿਲਾ ਵਰਗ ਵਿਚ ਪੈਟਰਾ ਕਵੀਤੋਵਾ ਵੀ ਸੈਮੀਫਾਈਨਲ ਵਿਚ ਪੁੱਜ ਗਈ ਹੈ। ਨਡਾਲ ਨੇ ਟਿਫਾਊ ਨੂੰ ਕੇਵਲ 107 ਮਿੰਟਾਂ ਵਿਚ 6-3, 6-4, 6-2 ਨਾਲ ਆਸਾਨੀ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਟਿਫਾਊ ਨੇ ਕੁਆਰਟਰ ਫਾਈਨਲ ਵਿਚ ਪੁੱਜਣ ਲਈ ਕੇਵਿਨ ਐਂਡਰਸਨ ਤੇ ਗਿਰਗੋਰ ਦਮਿੱਤਰੋਵ ਨੂੰ ਹਰਾਇਆ ਸੀ। ਨਾਾਡਾਲ ਦੀ ਸੈਮੀਫਾਈਨਲ ਵਿਚ ਟੱਕਰ ਯੂਨਾਨ ਦੇ ਨੌਜਵਾਨ ਖਿਡਾਰੀ ਸਟੀਫੇਨੋਸ ਸਟੀਪਾਸ ਨਾਲ ਹੋਵੇਗੀ। ਉਸ ਨੇ ਚੌਥੇ ਗੇੜ ਵਿਚ ਸਵਿੱਟਰਜ਼ਲੈਂਡ ਦੇ ਅਤੇ ਪਿਛਲੇ ਚੈਂਪੀਅਨ ਰੋਜਰ ਫੈਡਰਰ ਨੂੰ ਮਾਤ ਦਿੱਤੀ ਹੈ।
ਮਹਿਲਾ ਵਰਗ ਵਿਚ ਚੈੱਕ ਗਣਰਾਜ ਦੀ ਪੈਟਰਾ ਕਵੀਤੋਵਾ ਨੇ ਆਸਟਰੇਲੀਆ ਦੀ ਅਸ਼ਲੀਗ ਬਾਰਟੀ ਨੂੰ 6-1,6-4 ਨਾਲ ਮਾਤ ਦਿੱਤੀ। ਸੈਮੀਫਾਈਨਲ ਵਿਚ ਉਸ ਦੀ ਟੱਕਰ ਅਮਰੀਕਾ ਦੀ ਡੇਨਿਲੀ ਰੋਜ਼ ਕੋਲਿਨਜ਼ ਨਾਲ ਹੋਵੇਗੀ। ਇਸ ਦੌਰਾਨ ਹੀ ਯੂਨਾਨ ਦੇ ਜਾਇੰਟ ਕਿੱਲਰ ਸਟੇਫਾਨੋ ਸਟੀਪਾਸ ਨੇ ਸਪੇਨ ਦੇ ਰਾਬਰਟੋ ਬਟਿਸਟਾ ਨੂੰ ਹਰਾ ਕੇ ਆਸਟਰੇਲਿਆਈ ਓਪਨ ਵਿਚ ਪੁਰਸ਼ਾਂ ਦੇ ਸਿੰਗਲਜ਼ ਵਰਗ ਦੇ ਸੈਮੀਫਾਈਨਲ ਵਿਚ ਥਾਂ ਬਣਾ ਲਈ ਹੈ। ਰੋਜਰ ਫੈਡਰਰ ਨੂੰ ਹਰਾਉਣ ਵਾਲੇ ਸਟੀਪਾਸ ਨੇ ਤਿੰਨ ਘੰਟੇ 15 ਮਿੰਟ ਤੱਕ ਚੱਲੇ ਮੁਕਾਬਲੇ ਵਿਚ 7-5, 4-6, 6-4, 7-6 ਦੇ ਨਾਲ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਮਹਿਲਾ ਵਰਗ ਦੇ ਵਿਚ ਅਮਰੀਕਾ ਦੀ ਡੇਨੀਅਲ ਕੋਲਿਨਜ਼ ਨੇ ਰੂਸ ਦੀ ਅਨਾਸਤਾਸੀਆ ਪੀ ਨੂੰ 2-6,7-5, 6-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਥਾਂ ਪੱਕੀ ਕਰ ਲਈ ਹੈ। ਅਮਰੀਕਾ ਵਿਚ ਵਧੇਰੇ ਕਰਕੇ ਕਾਲਜ ਪੱਧਰ ਉੱਤੇ ਹੀ ਖੇਡਣ ਵਾਲੀ ਕੋਲਿਨਜ਼ ਨੇ ਚੌਥੇ ਗੇੜ ਵਿਚ ਐਂਜਲੀਕ ਕਰਬਰ ਨੂੰ ਹਰਾ ਕੇ ਉਲਟ ਗੇੜ ਕੀਤਾ ਸੀ।