ਮੈਲਬਰਨ, 24 ਜਨਵਰੀ
ਰਾਫੇਲ ਨਡਾਲ ਅਤੇ ਨਿੱਕ ਕਿਰਗਿਓਸ ਨੇ ਆਪੋ-ਆਪਣੇ ਮੁਕਾਬਲਿਆਂ ਵਿੱਚ ਜਿੱਤ ਨਾਲ ਅੱਜ ਇੱਥੇ ਆਸਟਰੇਲੀਅਨ ਓਪਨ ਦੇ ਪੁਰਸ਼ ਸਿੰਗਲਜ਼ ਦੇ ਤੀਜੇ ਗੇੜ ਵਿੱਚ ਥਾਂ ਬਣਾਈ, ਪਰ ਟੂਰਨਾਮੈਂਟ ਵਿੱਚ ਮੀਂਹ ਵਜੋਂ ਨਵੀਂ ਚੁਣੌਤੀ ਆਈ, ਜਿਸ ਨਾਲ ਕੋਰਟ ਚਿੱਕੜ ਨਾਲ ਭਰ ਗਿਆ ਅਤੇ ਖੇਡਣ ਯੋਗ ਨਹੀਂ ਰਿਹਾ।
ਅਜਿਹੇ ਵਿੱਚ ਆਸਟਰੇਲੀਆ ਦੇ ਕਿਰਗਿਓਸ ਨੇ ਚਾਰ ਸੈੱਟ ਵਿੱਚ ਫਰਾਂਸ ਦੇ ਜੌਇਲਸ ਸਿਮੋਨ ਨੂੰ ਹਰਾਇਆ, ਜਦਕਿ ਮਹਿਲਾ ਸਿੰਗਲਜ਼ ਵਿੱਚ ਵਿੰਬਲਡਨ ਚੈਂਪੀਅਨ ਸਿਮੋਨਾ ਹਾਲੇਪ ਨੇ ਬਰਤਾਨੀਆ ਦੀ ਹੈਰੀਅਟ ਡਾਰਟ ਨੂੰ ਸ਼ਿਕਸਤ ਦਿੱਤੀ। ਨਡਾਲ ਨੂੰ ਅਰਜਨਟੀਨਾ ਦੇ ਫੈਡਰਿਕੋ ਡੈਲਬੋਨਿਸ ਖ਼ਿਲਾਫ਼ ਸਿੱਧੇ ਸੈੱਟਾਂ ਵਿੱਚ 6-3, 7-6 (7/4), 6-1 ਦੀ ਜਿੱਤ ਦੌਰਾਨ ਜ਼ਿਆਦਾ ਮੁਸ਼ੱਕਤ ਨਹੀਂ ਕਰਨੀ ਪਈ।
ਸਪੇਨ ਦਾ ਦੁਨੀਆਂ ਦਾ ਅੱਵਲ ਨੰਬਰ ਖਿਡਾਰੀ ਨਡਾਲ ਅਗਲੇ ਗੇੜ ਵਿੱਚ ਹਮਵਤਨ ਪਾਬਲੋ ਕੇਰੋਨੋ ਬੁਸਤਾ ਖ਼ਿਲਾਫ਼ ਭਿੜੇਗਾ। ਨਡਾਲ ਨੇ ਬੁਸਤਾ ਨਾਲ ਇਸ ਮਹੀਨੇ ਏਟੀਪੀ ਕੱਪ ਵਿੱਚ ਡਬਲਜ਼ ਜੋੜੀ ਬਣਾਈ ਸੀ। ਜੰਗਲਾਂ ਵਿੱਚ ਲੱਗੀ ਅੱਗ ਦੇ ਪੀੜਤਾਂ ਦੀ ਮਦਦ ਲਈ ਪੈਸਾ ਇਕੱਠਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਿਰਗਿਓਸ ਨੇ ਚਾਰ ਸੈੱਟ ਵਿੱਚ 6-2, 6-4, 4-6, 7-5 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਕਿਰਗਿਓਸ ਨੇ ਚੌਥੇ ਗੇੜ ਵਿੱਚ ਨਡਾਲ ਨਾਲ ਸੰਭਾਵੀ ਮੁਕਾਬਲੇ ਵੱਲ ਕਦਮ ਵਧਾ ਲਏ ਹਨ। ਇਸ ਸਾਲ ਟੂਰਨਾਮੈਂਟ ਨੂੰ ਜੰਗਲਾਂ ਦੀ ਅੱਗ ਕਾਰਨ ਫੈਲੇ ਧੂੰਏਂ ਅਤੇ ਰਾਖ, ਤੇਜ਼ ਮੀਂਹ ਅਤੇ ਤੇਜ਼ ਹਵਾਵਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਧੂੜ-ਮਿੱਟੀ ਵਾਲੇ ਮੀਂਹ ਕਾਰਨ ਮੈਲਬਰਨ ਪਾਰਕ ਦੇ ਕੋਰਟ ਵਿੱਚ ਚਿੱਕੜ ਭਰ ਗਿਆ, ਜਿਸ ਨੂੰ ਸਾਫ਼ ਕਰਨ ਲਈ ਕਈ ਘੰਟੇ ਲੱਗ ਗਏ। ਕਈ ਬਾਹਰੀ ਕੋਰਟਾਂ ਵਿੱਚ ਮੈਚ ਨਹੀਂ ਹੋ ਸਕਿਆ। ਖੇਡ ਮੁੜ ਸ਼ੁਰੂ ਹੋਣ ’ਤੇ ਜਰਮਨੀ ਦੇ ਅਲੈਗਜ਼ੈਂਡਰ ਜੈਵੇਰੇਵ ਨੇ ਲੈਅ ਵਿੱਚ ਵਾਪਸੀ ਦਾ ਸੰਕੇਤ ਦਿੰਦਿਆਂ ਇਗੋਰ ਗੇਰਾਸਿਮੋਵ ਨੂੰ 7-6 (7/5), 6-4, 7-5 ਨਾਲ ਹਰਾਇਆ। ਪੰਜਵਾਂ ਦਰਜਾ ਪ੍ਰਾਪਤ ਡੌਮੀਨਿਕ ਥੀਮ ਨੂੰ ਹਾਲਾਂਕਿ ਆਸਟਰੇਲੀਆ ਦੇ 140ਵੇਂ ਨੰਬਰ ਦੇ ਖਿਡਾਰੀ ਅਲੈਕਸ ਬੋਲਟ ਖ਼ਿਲਾਫ਼ ਪੰਜ ਸੈੱਟ ਤੱਕ ਜੂਝਣਾ ਪਿਆ। ਥੀਮ ਨੇ ਹਾਲਾਂਕਿ ਧੀਰਜ ਕਾਇਮ ਰੱਖਦਿਆਂ 6-2, 5-7, 6-7 (5/7), 6-1, 6-2 ਨਾਲ ਜਿੱਤ ਦਰਜ ਕੀਤੀ। ਮਹਿਲਾ ਸਿੰਗਲਜ਼ ਵਿੱਚ ਹਾਲੇਪ ਨੇ ਡਾਰਟ ਨੂੰ 6-2, 6-4 ਨਾਲ ਹਰਾਇਆ, ਜਦਕਿ ਬੈਲਿੰਡਾ ਬੈਨਸਿਚ ਨੇ ਸਾਬਕਾ ਫਰੈਂਚ ਓਪਨ ਚੈਂਪੀਅਨ ਯੇਲੇਨਾ ਓਸਤਾਪੈਂਕੋ ਨੂੰ ਸ਼ਿਕਸਤ ਦਿੱਤੀ। ਉਹ ਇਸ ਮਹੀਨੇ ਆਪਣੇ ਪਿਤਾ ਦੇ ਦੇਹਾਂਤ ਦੇ ਬਾਵਜੂਦ ਟੂਰਨਾਮੈਂਟ ਵਿੱਚ ਖੇਡ ਰਹੀ ਸੀ। ਦੋ ਵਾਰ ਦੀ ਗਰੈਂਡ ਸਲੈਮ ਜੇਤੂ ਗਾਰਬਾਈਨ ਮੁਗੁਰੂਜ਼ਾ ਨੇ ਘਰੇਲੂ ਖਿਡਾਰਨ ਅਯਲਾ ਟੋਮਲੀਜਾਨੋਵਿਚ ਨੂੰ 6-3, 3-6, 6-3 ਨਾਲ ਹਰਾਇਆ।