ਚੇਨੱਈ, ਆਸਟਰੇਲਿਆਈ ਕ੍ਰਿਕਟ ਟੀਮ ਭਾਰਤ ਨਾਲ ਸੀਮਿਤ ਓਵਰਾਂ ਦੀ ਲੜੀ ਖੇਡਣ ਲਈ ਬੰਗਲਾਦੇਸ਼ ਤੋਂ ਸਿੱਧੀ ਚੇਨੱਈ ਪਹੁੰਚ ਗਈ ਹੈ।ਆਸਟਰੇਲਿਆਈ ਟੀਮ ਬੰਗਲਾਦੇਸ਼ ਤੋਂ ਦੋ ਮੈਚਾਂ ਦੀ ਟੈਸਟ ਲੜੀ ਖੇਡਣ ਤੋਂ ਬਾਅਦ ਬੀਤੀ ਰਾਤ ਚੇਨੱਈ ਪਹੁੰਚੀ। ਆਸਟਰੇਲੀਆ ਨੂੰ ਭਾਰਤ ਦੌਰੇ ’ਤੇ ਪੰਜ ਇਕ ਰੋਜ਼ਾ ਤੇ ਤਿੰਨ ਟੀ-20 ਮੈਚਾਂ ਦੀ ਲੜੀ ਖੇਡਣੀ ਹੈ। ਲੜੀ ਦਾ ਪਹਿਲਾ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ 17 ਸਤੰਬਰ ਨੂੰ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ ਜਿਸ ਵਾਸਤੇ ਟਿਕਟਾਂ ਦੀ ਵਿਕਰੀ ਅੱਜ ਤੋਂ ਸ਼ੁਰੂ ਹੋ ਗਈ।
ਚੇਨੱਈ ਪਹੁੰਚਣ ਤੋਂ ਬਾਅਦ ਮੇਹਮਾਨ ਟੀਮ ਦੇ ਕੁਝ ਖਿਡਾਰੀਆਂ ਨੇ ਅੱਜ ਐਮਏ ਚਿਦੰਬਰਮ ਬੀ ਮੈਦਾਨ ’ਤੇ ਕੁਝ ਦੇਰ ਅਭਿਆਸ ਵੀ ਕੀਤਾ। ਟੀਮ ਇਸ ਵਾਰ ਆਪਣੇ ਮੁੱਖ ਕੋਚ ਡੇਰੈਨ ਲੈਹਮਨ ਤੋਂ ਬਿਨਾਂ ਹੀ ਭਾਰਤ ਦੇ ਦੌਰ ’ਤੇ ਆਈ ਹੈ ਅਤੇ ਹੁਣ ਲੈਹਮਨ ਦੀ ਥਾਂ ਉਸ ਦਾ ਸਹਾਇਕ ਕੋਚ ਡੇਵਿਡ ਸੇਕਰ ਜ਼ਿੰਮੇਵਾਰੀ ਸੰਭਾਲੇਗਾ। ਆਸਟਰੇਲੀਆ 12 ਸਤੰਬਰ ਨੂੰ ਬੋਰਡ ਪ੍ਰਧਾਨ ਗਿਆਰਾਂ ਖ਼ਿਲਾਫ਼ ਇਕ ਅਭਿਆਸ ਮੈਚ ਵੀ ਖੇਡੇਗਾ ਜਿਸ ਦੀ ਅਗਵਾਈ ਗੁਰਕੀਰਤ ਮਾਨ ਕਰੇਗਾ। ਭਾਰਤੀ ਟੀਮ ਦੇ ਅਗਲੇ ਦੋ ਦਿਨਾਂ ਵਿੱਚ ਇੱਥੇ ਪਹੁੰਚਣ ਦੀ ਸੰਭਾਵਨਾ ਹੈ। ਭਾਰਤੀ ਟੀਮ ਨੇ ਹਾਲ ਹੀ ਵਿੱਚ ਸ੍ਰੀਲੰਕਾ ਦੌਰੇ ’ਤੇ ਸਾਰੇ ਰੂਪਾਂ ਵਿੱਚ ਕਲੀਨ ਸਵੀਪ ਕੀਤਾ ਹੈ।
ਭਾਰਤ ਤੇ ਆਸਟਰੇਲੀਆ ਦੀਆਂ ਟੀਮਾਂ 1987 ਵਿੱਚ ਰਿਲਾਇੰਸ ਇਕ ਰੋਜ਼ਾ ਕੱਪ ਦੌਰਾਨ ਪਹਿਲੀ ਵਾਰ ਚੇਨੱਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਆਹਮੋ-ਸਾਹਮਣੇ ਹੋਈਆਂ ਸਨ। ਉਸ ਤੋਂ 30 ਸਾਲਾਂ ਬਾਅਦ ਦੋਵੇਂ ਟੀਮਾਂ ਇਕ ਵਾਰ ਫਿਰ ਤੋਂ ਇੱਥੇ ਭਿੜਨ ਲਈ ਤਿਆਰ ਹਨ। ਇਸ ਮੈਚ ਲਈ ਟਿਕਟਾਂ ਦੀ ਵਿਕਰੀ ਵੀ ਅੱਜ ਤੋਂ ਸ਼ੁਰੂ ਹੋ ਗਈ ਹੈ ਅਤੇ ਵੱਡੀ ਗਿਣਤੀ ਵਿੱਚ ਦਰਸ਼ਕ ਟਿਕਟਾਂ ਖ਼ਰੀਦਣ ਲਈ ਲਾਈਨਾਂ ਵਿੱਚ ਲੱਗੇ ਹੋਏ ਹਨ। ਦਰਸ਼ਕ ਆਨਲਾਈਨ ਵੀ ਟਿਕਟ ਖ਼ਰੀਦ ਸਕਦੇ ਹਨ। ਪੁਲੀਸ ਨੇ ਟੀਮ ਦੇ ਹੋਟਲ ਅਤੇ ਉਸ ਦੇ ਆਸਪਾਸ ਸਖ਼ਤ ਸੁਰੱਖਿਆ ਵਿਵਸਥਾ ਕੀਤੀ ਹੈ।