ਮੈਲਬਰਨ:ਟੈਨਿਸ ਦੇ ਸਿਖਰਲੇ ਦਰਜੇ ਦੇ ਖਿਡਾਰੀ ਨੋਵਾਕ ਜੋਕੋਵਿਚ ਨੇ ਆਸਟਰੇਲਿਆਈ ਓਪਨ ਟੈਨਿਸ ਟੂਰਨਾਮੈਂਟ ’ਚ ਆਪਣਾ ਦਬਦਬਾ ਕਾਇਮ ਰੱਖਦਿਆਂ ਅੱਜ ਇਥੇ ਪੁਰਸ਼ ਸਿੰਗਲਜ਼ ਵਿੱਚ ਡੈਨਿਲ ਮੈਦਵੇਦੇਵ ਨੂੰ ਹਰਾ ਕੇ ਨੌਵੀਂ ਵਾਰ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਉਸ ਨੇ 18ਵਾਂ ਗਰੈਂਡਸਲੈਮ ਖਿਤਾਬ ਜਿੱਤ ਕੇ ਰੋਜਰ ਫੈਡਰਰ ਅਤੇ ਰਾਫੇਲ ਨਡਾਲ ਦੇ ਪੁਰਸ਼ ਸਿੰਗਲਜ਼ ਵਿੱਚ ਰਿਕਾਰਡ 20 ਗਰੈਂਡਸਲੈਮ ਖ਼ਿਤਾਬਾਂ ਦੀ ਬਰਾਬਰੀ ਕਰਨ ਵੱਲ ਕਦਮ ਵਧਾਇਆ ਹੈ। ਉਸ ਨੇ ਰੂਸ ਦੇ ਮੈਦਵੇਦੇਵ ਨੂੰ 7-5 6-2 6-2 ਨਾਲ ਹਰਾ ਕੇ ਮੈਲਬਰਨ ਪਾਰਕ ਵਿੱਚ ਲਗਾਤਾਰ ਤੀਜਾ ਖਿਤਾਬ ਜਿੱਤਿਆ। ਸਰਬੀਆ ਦੇ ਜੋਕੋਵਿਚ ਨੇ ਪਿਛਲੇ ਦਸ ਵੱਡੇ ਟੂਰਨਾਮੈਂਟਾਂ ’ਚੋਂ ਛੇ ਜਿੱਤਿਆ ਹੈ, ਜਿਸ ਨਾਲ ਘੱਟੋ-ਘੱਟ ਅੱਠ ਮਾਰਚ ਤਕ ਉਸ ਦਾ ਨੰਬਰ-1 ਖਿਡਾਰੀ ਬਣੇ ਰਹਿਣਾ ਤੈਅ ਹੈ।