ਬਰਮਿੰਘਮ, 19 ਮਾਰਚ
ਭਾਰਤੀ ਮਹਿਲਾ ਡਬਲਜ਼ ਦੀ ਜੋੜੀ ਅਸ਼ਵਨੀ ਪੋਨੱਪਾ ਅਤੇ ਐੱਨ. ਸਿੱਕੀ ਰੈੱਡੀ ਨੇ ਵੀਰਵਾਰ ਰਾਤ ਨੂੰ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਵਿਸ਼ਵ ਦੀ 30ਵੇਂ ਨੰਬਰ ਦੀ ਇਸ ਜੋੜੀ ਨੇ 13ਵੇਂ ਨੰਬਰ ਦੀ ਬੁਲਗਾਰੀਅਨ ਜੋੜੀ ਗੈਬਰੀਏਲਾ ਸਤੋਇਵਾ ਅਤੇ ਸਤੈਫਨੀ ਸਟੋਇਵਾ ਨੂੰ ਦੂਜੇ ਗੇੜ ਦੇ 33 ਮਿੰਟ ਦੇ ਮੈਚ ਵਿਚ 21-17, 21-10 ਨਾਲ ਹਰਾਇਆ। ਪੁਰਸ਼ਾਂ ਦੇ ਡਬਲਜ਼ ਵਿਚ ਸਤਵਿਕ ਸਾਈ ਰਾਜ ਰੈਂਕੀ ਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਵਿਸ਼ਵ ਦੀ 10ਵੇਂ ਨੰਬਰ ਦੀ ਜੋੜੀ 16-21, 21-11, 17-21 ਨਾਲ ਡੈਨਮਾਰਕ ਦੇ ਖਿਡਾਰੀਆਂ ਤੋਂ ਹਾਰ ਗਈ। ਪੁਰਸ਼ ਸਿੰਗਲਜ਼ ਵਿੱਚ ਸਮੀਰ ਵਰਮਾ ਵੀ ਦੂਜੇ ਗੇੜ ਤੋਂ ਅੱਗੇ ਵਧਣ ਵਿੱਚ ਅਸਫਲ ਰਿਹਾ। ਧਰੁਵ ਕਪਿਲਾ ਅਤੇ ਮੇਘਨਾ ਜੱਕਾਮਪੁੱਡੀ ਦੀ ਮਿਕਸਡ ਡਬਲਜ਼ ਦੀ ਜੋੜੀ ਵੀ ਡੈਨਮਾਰਕ ਦੀ ਨਿਕਲੋਸ ਨੋਹਰ ਅਤੇ ਅਮਲੀ ਮੇਗਲੁੰਡ ਤੋਂ 19-21 8-21 ਨਾਲ ਹਾਰ ਕੇ ਬਾਹਰ ਹੋ ਗਈ। ਓਲੰਪਿਕ ਚਾਂਦੀ ਦਾ ਤਗਮਾ ਜੇਤੂ ਪੀਵੀ ਸਿੰਧੂ ਅਤੇ ਲਕਸ਼ਿਆ ਸੇਨ ਨੇ ਵੀਰਵਾਰ ਨੂੰ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ।