ਨਵੀਂ ਦਿੱਲੀ, 2 ਜਨਵਰੀ
ਆਲੋਚਨਾ ਜਾਂ ਉਮੀਦਾਂ ਦੇ ਬੋਝ ਨਾਲ ਵਿਸ਼ਵ ਚੈਂਪੀਅਨ ਸ਼ਟਲਰ ਪੀਵੀ ਸਿੰਧੂ ’ਤੇ ਕੋਈ ਅਸਰ ਨਹੀਂ ਪੈਂਦਾ ਅਤੇ ਉਸ ਨੇ ਕਿਹਾ ਕਿ ਉਹ ਇਸ ਸਾਲ ਟੋਕੀਓ ਓਲੰਪਿਕ ਵਿੱਚ ਤਗ਼ਮਾ ਜਿੱਤਣ ਲਈ ਆਪਣੀ ਖੇਡ ਵਿੱਚ ਸੁਧਾਰ ਕਰਨ ਵੱਲ ਧਿਆਨ ਦੇ ਰਹੀ ਹੈ।
ਸਿੰਧੂ ਨੇ 2019 ਵਿੱਚ ਵਿਸ਼ਵ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਿਆ, ਪਰ ਸੈਸ਼ਨ ਦੇ ਬਾਕੀ ਟੂਰਨਾਮੈਂਟਾਂ ਵਿੱਚੋਂ ਜ਼ਿਆਦਾਤਰ ਉਹ ਸ਼ੁਰੂਆਤੀ ਗੇੜ ਤੋਂ ਅੱਗੇ ਵਧਣ ਵਿੱਚ ਅਸਫਲ ਰਹੀ। ਇਸ ਵਿੱਚ ਬੀਤੇ ਮਹੀਨੇ ਵਿਸ਼ਵ ਟੂਰ ਫਾਈਨਲਜ਼ ਵੀ ਸ਼ਾਮਲ ਹੈ, ਜਿਸ ਵਿੱਚ ਉਹ ਆਪਣਾ ਖ਼ਿਤਾਬ ਨਹੀਂ ਬਚਾ ਸਕੀ। ਸਿੰਧੂ ਨੇ ਕਿਹਾ, ‘‘ਵਿਸ਼ਵ ਚੈਂਪੀਅਨਸ਼ਿਪ ਮੇਰੇ ਲਈ ਸ਼ਾਨਦਾਰ ਰਹੀ, ਪਰ ਇਸ ਮਗਰੋਂ ਮੈਂ ਪਹਿਲੇ ਗੇੜ ਵਿੱਚ ਹਾਰਦੀ ਰਹੀ। ਇਸ ਦੇ ਬਾਵਜੂਦ ਮੈਂ ਖ਼ੁਦ ਨੂੰ ਹਾਂ-ਪੱਖੀ ਬਣਾਈ ਰੱਖਿਆ। ਤੁਸੀਂ ਸਾਰੇ ਮੈਚ ਜਿੱਤੋ ਇਹ ਸੰਭਵ ਨਹੀਂ ਹੈ। ਕਈ ਵਾਰ ਤੁਸੀਂ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਗ਼ਲਤੀਆਂ ਵੀ ਕਰਦੇ ਹੋ।’’ ਉਸ ਨੇ ਕਿਹਾ, ‘‘ਮੈਂ ਇਨ੍ਹਾਂ ਗ਼ਲਤੀਆਂ ਤੋਂ ਕਾਫ਼ੀ ਕੁੱਝ ਸਿੱਖਿਆ। ਮੇਰੇ ਲਈ ਹਾਂ-ਪੱਖੀ ਬਣੇ ਰਹਿਣਾ ਅਤੇ ਮਜ਼ਬੂਤ ਵਾਪਸੀ ਕਰਨਾ ਅਹਿਮ ਹੈ।’’ ਸਿੰਧੂ ਨੇ ਕਿਹਾ ਕਿ ਉਹ ਆਪਣੀਆਂ ਘਾਟਾਂ ਨੂੰ ਦੂਰ ਕਰਨ ਲਈ ਤਕਨੀਕ ’ਤੇ ਕੰਮ ਕਰ ਰਹੀ ਹੈ।
ਰੀਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ 24 ਸਾਲ ਦੀ ਹੈਦਰਾਬਾਦੀ ਸ਼ਟਲਰ ਕੋਲ ਟੋਕੀਓ ਵਿੱਚ ਤਗ਼ਮਾ ਜਿੱਤ ਕੇ ਪਹਿਲਵਾਨ ਸੁਸ਼ੀਲ ਕੁਮਾਰ ਦੀ ਬਰਾਬਰੀ ਕਰਨ ਦਾ ਮੌਕਾ ਰਹੇਗਾ, ਜਿਸ ਨੇ ਸਾਲ 2008 ਅਤੇ 2012 ਵਿੱਚ ਓਲੰਪਿਕ ਤਗ਼ਮੇ ਜਿੱਤੇ ਸਨ। ਉਸ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਮੈਂ ਟੋਕੀਓ ਵਿੱਚ ਤਗ਼ਮਾ ਜਿੱਤਣ ਵਿੱਚ ਸਫਲ ਰਹਾਂਗੀ। ਮੈਂ ਦੂਜਿਆਂ ਬਾਰੇ ਨਹੀਂ ਸੋਚਦੀ। ਮੈਂ ਪੈਰ-ਪੈਰ ’ਤੇ ਅੱਗੇ ਵਧਣ ਵਿੱਚ ਵਿਸ਼ਵਾਸ ਕਰਦੀ ਹਾਂ। ਇਸ ਲਈ ਮੈਨੂੰ ਲਗਦਾ ਹੈ ਕਿ ਮੈਨੂੰ ਸਖ਼ਤ ਅਭਿਆਸ ਅਤੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਲੋੜ ਹੈ।’’ ਉਸ ਨੇ ਕਿਹਾ, ‘‘ਇਹ ਹਾਲਾਂਕਿ ਸੌਖਾ ਨਹੀਂ ਹੋਵੇਗਾ। ਇਸ ਵਾਰ 2020 ਵਿੱਚ ਅਸੀਂ ਜਨਵਰੀ ਵਿੱਚ ਮਲੇਸ਼ੀਆ ਅਤੇ ਇੰਡੋਨੇਸ਼ੀਆ ਖ਼ਿਲਾਫ਼ ਸ਼ੁਰੂਆਤ ਕਰਾਂਗੇ। ਇਸ ਤੋਂ ਇਲਾਵਾ ਓਲੰਪਿਕ ਕੁਆਲੀਫਿਕੇਸ਼ਨ ਲਈ ਕੁੱਝ ਟੂਰਨਾਮੈਂਟ ਹਨ। ਇਸ ਲਈ ਸਾਡੇ ਲਈ ਸਾਰੇ ਟੂਰਨਾਮੈਂਟ ਅਹਿਮ ਹੋਣਗੇ।’’