ਮੁੰਬਈ, 2 ਮਾਰਚ
ਬੌਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਅੱਜ ਇੱਥੇ ਆਪਣੇ ਪ੍ਰੋਡਕਸ਼ਨ ਹਾਊਸ ‘ਐਟਰਨਲ ਸਨਸ਼ਾਈਨ ਪ੍ਰੋਡਕਸ਼ਨਜ਼’ ਦਾ ਐਲਾਨ ਕੀਤਾ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ’ਤੇ ਪਾਈ ਪੋਸਟ ਵਿੱਚ ਕੰਪਨੀ ਦਾ ਲੋਗੋ ਵੀ ਸਾਂਝਾ ਕੀਤਾ ਹੈ। ਆਲੀਆ ਨੇ ਲਿਖਿਆ, ‘‘ਅਤੇ ਇਹ ਐਲਾਨ ਕਰਦਿਆਂ ਮੈਂ ਬੇਹੱਦ ਖ਼ੁਸ਼ ਹਾਂ… ਪ੍ਰੋਡਕਸ਼ਨ!… ਐਟਰਨਲ ਸਨਸ਼ਾਈਨ ਪ੍ਰੋਡਕਸ਼ਨਜ਼। ਆਓ ਤੁਹਾਨੂੰ ਕਿੱਸੇ ਸੁਣਾਈਏ… ਖ਼ੁਸ਼ੀਆਂ ਦੇ ਕਿੱਸੇ… ਨਿੱਘੇ ਤੇ ਧੁੰਦਲੇ ਕਿੱਸੇ… ਸੱਚੇ ਕਿੱਸੇ… ਸਦੀਵੀ ਕਿੱਸੇ।’’ ਆਲੀਆ ਦੀ ਵੱਡੀ ਭੈਣ ਸ਼ਾਹੀਨ ਨੇ ਵੀ ਉਸ ਦੇ ਪ੍ਰੋਡਕਸ਼ਨ ਹਾਊਸ ਬਾਰੇ ਆਪਣੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ। ਆਲੀਆ ਦੇ ਆਪਣਾ ਪ੍ਰੋਡਕਸ਼ਨ ਹਾਊਸ ਬਣਾਉਣ ਦੇ ਚਰਚੇ ਸਾਲ 2019 ਤੋਂ ਚੱਲਦੇ ਆ ਰਹੇ ਸਨ, ਪਰ ਇਸ ਦੀ ਪੁਸ਼ਟੀ ਅੱਜ ਹੋਈ ਹੈ। ਇਸ ਦੇ ਨਾਲ ਹੀ ਆਲੀਆ ਨੇ ਅੱਜ ਇੱਥੇ ਇੱਕ ਹੋਰ ਪੋਸਟ ਜ਼ਰੀਏ ਸ਼ਾਹਰੁਖ ਖ਼ਾਨ ਦੇ ਰੈੱਡ ਚਿੱਲੀ ਐਂਟਰਟੇਨਮੈਂਟ ਨਾਲ ਮਿਲ ਕੇ ਆਪਣੇ ਪ੍ਰੋਡਕਸ਼ਨ ਹੇਠ ਪਹਿਲੀ ਫ਼ਿਲਮ ‘ਡਾਰਲਿੰਗ’ ਬਣਾਉਣ ਦਾ ਐਲਾਨ ਕੀਤਾ ਹੈ। ਇਸ ਫ਼ਿਲਮ ਵਿੱਚ ਆਲੀਆ ਪਹਿਲੀ ਵਾਰ ਬਤੌਰ ਪ੍ਰੋਡਿਊਸਰ ਕੰਮ ਕਰੇਗੀ। ਆਲੀਆ ਨੇ ਕਿਹਾ, ‘‘ਮੈਂ ਡਾਰਲਿੰਗ ਦਾ ਹਿੱਸਾ ਬਣਨ ਕਰ ਕੇ ਬੇਹੱਦ ਖ਼ੁਸ਼ ਹਾਂ। ਮੈਂ ਖ਼ੁਸ਼ ਹਾਂ ਕਿ ਬਤੌਰ ਪ੍ਰੋਡਿਊਸਰ ਡਾਰਲਿੰਗ ਮੇਰੀ ਪਹਿਲੀ ਫ਼ਿਲਮ ਹੈ ਅਤੇ ਉਹ ਵੀ ਮੇਰੇ ਪਸੰਦੀਦਾ ਸ਼ਾਹਰੁਖ ਖ਼ਾਨ ਅਤੇ ਰੈੱਡ ਚਿੱਲੀ ਦੇ ਨਾਲ।’’ ਜਸਮੀਤ ਕੌਰ ਰੀਨ ਦੇ ਨਿਰਦੇਸ਼ਨ ਹੇਠ ਬਣ ਰਹੀ ਫ਼ਿਲਮ ‘ਡਾਰਲਿੰਗ’ ਵਿੱਚ ਆਲੀਆ ਦੇ ਨਾਲ ਸ਼ੈਫਾਲੀ ਸ਼ਾਹ, ਵਿਜੈ ਵਰਮਾ ਅਤੇ ਰੌਸ਼ਨ ਮੈਥਿਊ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਆਲੀਆ ਜਲਦੀ ਹੀ ਨਿਰਦੇਸ਼ਕ ਸੰਜੈ ਲੀਲਾ ਭੰਸਾਲੀ ਦੀ ਫ਼ਿਲਮ ‘‘ਗੰਗੂਬਾਈ ਕਾਠੀਆਵਾੜੀ’ ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਸ ਦੀਆਂ ਫ਼ਿਲਮਾਂ ‘ਬ੍ਰਹਮਾਸਤਰ’, ‘ਆਰਆਰਆਰ’ ਅਤੇ ‘ਡਾਰਲਿੰਗ’ ਵੀ ਆਉਣ ਵਾਲੇ ਮਹੀਨਿਆਂ ਵਿੱਚ ਰਿਲੀਜ਼ ਹੋਣਗੀਆਂ।