ਮੁੰਬਈ, 29 ਅਤਕੂਬਰ
ਕਰੂਜ਼ ਡਰੱਗਜ਼ ਮਾਮਲੇ ਵਿੱਚ ਬੰਬੇ ਹਾਈ ਕੋਰਟ ਨੇ ਆਰੀਅਨ ਖ਼ਾਨ ਨੂੰ ਬੀਤੇ ਦਿਨ ਜ਼ਮਾਨਤ ਦੇ ਦਿੱਤੀ ਸੀ ਅਤੇ ਅਦਾਲਤ ਨੇ ਅੱਜ ਉਸ ਇਕ ਲੱਖ ਰੁਪਏ ਦਾ ਜਾਤੀ ਮੁਚੱਲਕਾ ਜਮ੍ਹਾਂ ਕਰਵਾਉਣ ਦਾ ਹੁਕਮ ਦਿੱਤਾ ਹੈ। ਜਾਤੀ ਮੁਚੱਲਕਾ ਜਮ੍ਹਾਂ ਕਰਵਾਉਣ ਮਗਰੋਂ ਹੀ ਆਰੀਅਨ ਦੀ ਰਿਹਾਈ ਸੰਭਵ ਹੋ ਸਕੇਗੀ। ਡਰੱਗਜ਼ ਮਾਮਲੇ ਵਿੱਚ ਆਰੀਅਨ ਖਾਨ ਨਾਲ ਗ੍ਰਿਫ਼ਤਾਰ ਕੀਤੇ ਅਰਬਾਜ਼ ਮਰਚੈਂਟ ਅਤੇ ਮਾਡਲ ਮੁਨਮੁਨ ਧਮੀਚਾ ਨੂੰ ਵੀ ਬੀਤੇ ਦਿਨ ਜ਼ਮਾਨਤ ਦਿੱਤੀ ਗਈ ਸੀ ਤੇ ਦੋਹਾਂ ਨੂੰ ਇੱਕ-ਇੱਕ ਲੱਖ ਰੁਪਏ ਦੇ ਜਾਤੀ ਮੁਚੱਲਕੇ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਅਦਾਲਤ ਨੇ ਤਿੰਨਾਂ ਨੂੰ ਇਹ ਵੀ ਹੁਕਮ ਦਿੱਤੇ ਹਨ ਕਿ ਉਨ੍ਹਾਂ ਨੂੰ ਆਪਣੇ ਪਾਸਪੋਰਟ ਐੱਡੀਪੀਐੱਸ ਦੀ ਵਿਸ਼ੇਸ਼ ਅਦਾਲਤ ਵਿੱਚ ਜਮ੍ਹਾਂ ਕਰਵਾਉਗੇ ਪੈਣਗੇ ਅਤੇ ਤਿੰਨੋਂ ਜਣੇ ਵਿਸ਼ੇਸ਼ ਅਦਾਲਤ ਤੋਂ ਪ੍ਰਵਾਨਗੀ ਲਏ ਬਿਨਾਂ ਵਿਦੇਸ਼ ਨਹੀਂ ਜਾ ਸਕਣਗੇ। ਇਨ੍ਹਾਂ ਹੁਕਮਾਂ ਸਬੰਧੀ ਕਾਪੀ ’ਤੇ ਹਸਤਾਖਰ ਸ਼ੁੱਕਰਵਾਰ ਦੁਪਹਿਰ ਵੇਲੇ ਜਸਟਿਸ ਐੱਨ. ਡਬਲਿਊ ਸਾਂਬਰੇ ਵੱਲੋਂ ਕੀਤੇ ਗਏ ਹਨ।