ਲੰਡਨ, 18 ਅਪਰੈਲ
ਆਈਪੀਐਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਰਫ਼ਨਮੌਲਾ ਜੌਫਰਾ ਆਰਚਰ ਨੂੰ ਆਇਰਲੈਂਡ ਅਤੇ ਪਾਕਿਸਤਾਨ ਖ਼ਿਲਾਫ਼ ਅਗਲੇ ਮਹੀਨੇ ਹੋਣ ਵਾਲੇ ਇੱਕ ਰੋਜ਼ਾ ਮੈਚਾਂ ਲਈ ਇੰਗਲੈਂਡ ਦੀ 17 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਵਿਸ਼ਵ ਕੱਪ ਟੀਮ ਲਈ ਉਸ ਨੂੰ ਆਪਣਾ ਦਾਅਵਾ ਪੁਖ਼ਤਾ ਕਰਨ ਦਾ ਮੌਕਾ ਮਿਲੇਗਾ।
ਬਾਰਬਾਡੋਸ ਦੇ ਹਰਫ਼ਨਮੌਲਾ ਆਰਚਰ ਨੂੰ 15 ਮੈਂਬਰੀ ਵਿਸ਼ਵ ਕੱਪ ਦੀ ਮੁੱਢਲੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇੰਗਲੈਂਡ ਨੂੰ ਵਿਸ਼ਵ ਕੱਪ ਲਈ ਅੰਤਿਮ ਟੀਮ ਦੇ ਐਲਾਨ ਲਈ 23 ਮਈ ਤੱਕ ਦਾ ਸਮਾਂ ਦਿੱਤਾ ਗਿਆ ਹੈ। ਸਸੈਕਸ ਦੇ ਸਟਾਰ ਆਰਚਰ ਦਾ ਪਿਤਾ ਇੰਗਲੈਂਡ ਦਾ ਹੈ ਅਤੇ ਉਸ ਕੋਲ ਬ੍ਰਿਟਿਸ਼ ਪਾਸਪੋਰਟ ਹੈ।