ਮੁੰਬਈ:ਫਿਲਮਸਾਜ਼ ਮਹੇਸ਼ ਮਾਂਜਰੇਕਰ ਨੇ ਅਦਾਕਾਰ ਆਯੂਸ਼ ਸ਼ਰਮਾ ਵੱਲੋਂ ਹੱਥ ਜ਼ਖ਼ਮੀ ਹੋਣ ਦੇ ਬਾਵਜੂਦ ਫਿਲਮ ‘ਅੰਤਿਮ: ਦਿ ਫਾਈਨਲ ਟਰੁੱਥ’ ਦੇ ਗਾਣੇ ‘ਵਿਘਨਹਰਤਾ’ ਦੇ ਸ਼ੂਟਿੰਗ ਕਰਨ ਲਈ ਸ਼ਲਾਘਾ ਕੀਤੀ ਹੈ। ਇਸ ਤੋਂ ਪਹਿਲਾਂ ਇਸ ਸਾਲ ਜਨਵਰੀ ਵਿੱਚ ਆਯੂਸ਼ ਨੇ ਫਿਲਮ ਦੇ ਸੈੱਟ ’ਤੇ ਸ਼ੂਟਿੰਗ ਦੌਰਾਨ ਜ਼ਖ਼ਮੀ ਹੋਣ ਬਾਰੇ ਜਾਣਕਾਰੀ ਦਿੱਤੀ ਸੀ। ਆਯੂਸ਼ ਬਾਰੇ ਗੱਲ ਕਰਦਿਆਂ ਮਾਂਜਰੇਕਰ ਨੇ ਕਿਹਾ, ‘‘ ਉਸਦੀ ਇੱਕ ਗੱਲ ਜੋ ਮੈਂ ਬੇਹੱਦ ਪਸੰਦ ਕਰਦਾ ਹਾਂ, ਉਹ ਜਨੂੰਨ ਹੈ। ‘ਅੰਤਿਮ’ ਉਸ ਲਈ ‘ਕਰੋ ਜਾਂ ਮਰੋ’ ਵਰਗੀ ਸਥਿਤੀ ਸੀ। ਗਾਣੇ ਦੀ ਸ਼ੂਟਿੰਗ ਦੌਰਾਨ ਇੱਕ ਦਿਨ ਕੁਝ ਕੁ ਦ੍ਰਿਸ਼ ਫਿਲਮਾਉਣੇ ਬਾਕੀ ਰਹਿ ਗਏ ਸਨ, ਇਸ ਲਈ ਮੈਂ ਘਰ ਚਲਾ ਗਿਆ। ਅਗਲੇ ਦਿਨ ਸਵੇਰੇ ਮੈਨੂੰ ਪਤਾ ਲੱਗਿਆ ਕਿ ਇੱਕ ਐਕਸ਼ਨ ਸੀਨ ਦੌਰਾਨ ਉਹ ਗਲਤੀ ਨਾਲ ਕੈਮਰੇ ਨਾਲ ਟਕਰਾ ਗਿਆ ਅਤੇ ਉਸ ਦੇ ਹੱਥ ਦੀਆਂ ਉਂਗਲਾਂ ਟੁੱਟ ਗਈਆਂ। ਹਾਲਾਂਕਿ ਫਿਲਮ ਦੇ ਕਈ ਸੀਨ ਸ਼ੂਟ ਕਰਨੇ ਬਾਕੀ ਸਨ। ਮੈਂ ਥੋੜ੍ਹਾ ਫਿਕਰਮੰਦ ਸੀ ਪਰ ਮੈਂ ਹੈਰਾਨ ਹੋਇਆ, ਜਦੋਂ ਉਸ ਨੇ ਹੱਥ ਜ਼ਖ਼ਮੀ ਹੋਣ ਦੇ ਬਾਵਜੂਦ ਸ਼ੂਟਿੰਗ ਮੁਕੰਮਲ ਕੀਤੀ।’’ ਇਹ ਪਹਿਲੀ ਵਾਰ ਹੈ ਕਿ ਬੌਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਆਪਣੇ ਜੀਜੇ ਆਯੂਸ਼ ਸ਼ਰਮਾ ਨਾਲ ਸਕਰੀਨ ਸਾਂਝੀ ਕਰ ਰਿਹਾ ਹੈ।