ਮੁੰਬਾਈ:ਅਦਾਕਾਰ ਆਯੂਸ਼ਮਾਨ ਖੁਰਾਨਾ ਅਤੇ ਉਸ ਦੀ ਪਤਨੀ ਤਾਹਿਰਾ ਕਸ਼ਿਅਪ ਆਪਣੇ 20 ਸਾਲ ਇਕੱਠੇ ਹੋਣ ਦਾ ਜਸ਼ਨ ਮਨਾ ਰਹੇ ਹਨ। ਤਾਹਿਰਾ ਨੇ ਸੋਮਵਾਰ ਨੂੰ ਇੰਸਟਾਗ੍ਰਾਮ ’ਤੇ ਆਪਣੀਆਂ ਪੁਰਾਣੀਆਂ ਫੋਟੋਆਂ ਜੋੜ ਕੇ ਬਣਾਇਆ ਵੀਡੀਓ ਸਾਂਝਾ ਕਰ ਕੇ ਪਤੀ ਲਈ ਪਿਆਰ ਦਾ ਪ੍ਰਗਟਾਵਾ ਕੀਤਾ। ਤਹਿਰਾ ਦੀ ਇਸ ਪੋਸਟ ਸਬੰਧੀ ਆਯੂਸ਼ਮਾਨ ਨੇ ਵੀ ਇੰਸਟਾਗ੍ਰਾਮ ਸਟੋਰੀ ਪਾਈ ਹੈ। ਇਸ ਵਿੱਚ ਉਸ ਨੇ ਲਾਲ ਰੰਗ ਦੇ ਦਿਲ ਦਾ ਨਿਸ਼ਾਨ ਵਰਤਦਿਆਂ ਲਿਖਿਆ ਹੈ ਕਿ ਉਨ੍ਹਾਂ ਦਾ ਇਹ ਸਫ਼ਰ 12ਵੀਂ ਜਮਾਤ ਦੇ ਬੋਰਡ ਦੇ ਪੇਪਰਾਂ ਦੌਰਾਨ ਸ਼ੁਰੂ ਹੋਇਆ ਸੀ। ਅਦਾਕਾਰ ਆਯੂਸ਼ਮਾਨ ਇਨ੍ਹੀਂ ਦਿਨੀਂ ਆਸਾਮ ਵਿੱਚ ਅਨੁਭਵ ਸਿਨ੍ਹਾ ਦੀ ਆਉਣ ਵਾਲੀ ਫਿਲਮ ‘ਅਨੇਕ’ ਦੀ ਸ਼ੂਟਿੰਗ ਵਿੱਚ ਰੁੱਝਿਆ ਹੋਇਆ ਹੈ। ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਅਦਾਕਾਰ ਨੇ ਦੱਸਿਆ ਕਿ ਉਸ ਨੇ ਹੁਣੇ ਸ਼ਿਲਾਂਗ ਵਿੱਚ ਫਿਲਮ ਦੀ ਸ਼ੂਟਿੰਗ ਮੁਕੰਮਲ ਕੀਤੀ ਹੈ। ਫਿਲਮ ਅਨੇਕ ਇਸ ਸਾਲ 17 ਸਤੰਬਰ ਨੂੰ ਰਿਲੀਜ਼ ਹੋਵੇਗੀ।