ਬਠਿੰਡਾ, 17 ਸਤੰਬਰ

ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਦਾ ਕਾਫ਼ਲਾ ਖੇਤੀ ਆਰਡੀਨੈਂਸਾਂ ਦੇ ਮੁੱਦੇ ’ਤੇ ਬਾਦਲਾਂ ਦੇ ਘਰ ਅੱਗੇ ਧਰਨਾ ਲਾਉਣ ਲਈ ਟਰੈਕਟਰਾਂ ’ਤੇ ਸਵਾਰ ਹੋ ਕੇ ਅੱਜ ਪਿੰਡ ਨਰੂਆਣਾ ਤੋਂ ਰਵਾਨਾ ਹੋਇਆ। ਕਾਫ਼ਲੇ ਦੀ ਅਗਵਾਈ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਪਾਰਟੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਅਤੇ ਬਲਜਿੰਦਰ ਕੌਰ ਵੱਲੋਂ ਕੀਤੀ ਗਈ। ਸ੍ਰੀ ਚੀਮਾ ਨੇ ਬਾਦਲਾਂ ’ਤੇ ‘ਦੋਹਰੇ ਮਾਪਦੰਡ’ ਹੋਣ ਵਾਲੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਹੁਣ ਤੱਕ ਅਨੇਕਾਂ ਵਾਰ ਕਿਸਾਨ ਆਰਡੀਨੈਂਸਾਂ ਨੂੰ ਕਿਸਾਨ, ਖੇਤ ਮਜ਼ਦੂਰਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਲਈ ਫਾਇਦੇਮੰਦ ਹੋਣ ਦੀ ਗੱਲ ਕਹਿ ਕੇ ਭਰਮਾਉਣ ਦੇ ਡਰਾਮੇ ਕਰਦੇ ਰਹੇ। ਕੇਂਦਰੀ ਮੰਤਰੀ ਨਰਿੰਦਰ ਤੋਮਰ ਅਤੇ ਨਿਤਿਨ ਗਡਕਰੀ ਦੇ ਮੂੰਹੋਂ ਵੀ ਆਰਡੀਨੈਂਸਾਂ ਦੇ ਪੱਖ ’ਚ ਅਖਵਾਇਆ ਗਿਆ। ਸੁਖਬੀਰ ਬਾਦਲ ਕੇਂਦਰ ਦੀ ਇਕ ‘ਚਿੱਠੀ’ ਵਿਖਾ ਕੇ ਵੀ ਕਿਸਾਨਾਂ ਨੂੰ ਧੋਖੇ ’ਚ ਰੱਖਣ ਵਿਚ ਨਾ-ਕਾਮਯਾਬ ਰਹੇ।