ਰੀਵਾ, 19 ਸਤੰਬਰ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਇਸ ਸੂਬੇ ਦੇ ਲੋਕਾਂ ਨੂੰ ਦਸ ਗਾਰੰਟੀਆਂ ਦਿੱਤੀਆਂ। ‘ਆਪ’ ਨੇ ਮੱਧ ਪ੍ਰਦੇਸ਼ ਦੇ ਲੋਕਾਂ ਨੂੰ 24 ਘੰਟੇ ਮੁਫ਼ਤ ਬਿਜਲੀ ਦੀ ਗਾਰੰਟੀ, ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਬਣਾਉਣ, ਸਾਰਿਆਂ ਦਾ ਮੁਫ਼ਤ ਇਲਾਜ, ਭ੍ਰਿਸ਼ਟਾਚਾਰ ਮੁਕਤ ਸੂਬਾ, ਘਰ-ਘਰ ਸੇਵਾਵਾਂ, ਰੁਜ਼ਗਾਰ ਸਿਰਜਣ ਤੇ ਬੇਰੁਜ਼ਗਾਰੀ ਭੱਤਾ, ਮੁਫ਼ਤ ਤੀਰਥ ਯਾਤਰਾ, ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ, ਪੇਸਾ ਨੂੰ ਅਨੁਸੂਚਿਤ ਕਬੀਲੇ ਲਈ ਲਾਗੂ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਫ਼ਸਲਾਂ ਦੇ ਨੁਕਸਾਨ ਲਈ ਬਿਹਤਰ ਮੁਆਵਜ਼ੇ ਅਤੇ ਫ਼ਸਲਾਂ ਦਾ ਸਹੀ ਮੁੱਲ ਦੇਣ ਦਾ ਵਾਅਦਾ ਕੀਤਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਭਾਜਪਾ ਨੇ 18 ਸਾਲਾਂ ਦੇ ਰਾਜ ਵਿੱਚ ਵਿਕਾਸ ਨਹੀਂ ਵਿਨਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ 18 ਸਾਲਾਂ ਦੌਰਾਨ ਸ਼ਿਵਰਾਜ ਚੌਹਾਨ ਸਰਕਾਰ ਨੇ ਲੋਕਾਂ ਲਈ ਕੁਝ ਨਹੀਂ ਕੀਤਾ, ਪਰ ਪੰਜਾਬ ਦੀ ‘ਆਪ’ ਸਰਕਾਰ ਨੇ ਸਿਰਫ਼ 18 ਮਹੀਨਿਆਂ ’ਚ ਆਪਣੇ ਸੂਬੇ ਤੇ ਲੋਕਾਂ ਲਈ ਬਹੁਤ ਕੁਝ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ 36,000 ਸਰਕਾਰੀ ਨੌਕਰੀਆਂ ਦਿੱਤੀਆਂ, 28,000 ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ, ਪੰਜਾਬ ’ਚ 300 ਯੂਨਿਟ ਮੁਫ਼ਤ ਬਿਜਲੀ ਸਦਕਾ ਅੱਜ 90 ਫ਼ੀਸਦ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ, ਸੂਬੇ ਦੀ ਸਿੱਖਿਆ ਤੇ ਸਿਹਤ ਪ੍ਰਣਾਲੀ ’ਚ ਸੁਧਾਰ ਹੋਇਆ ਹੈ। ਜਦੋਂਕਿ ਭਾਜਪਾ ਸਰਕਾਰ ਨੇ ਮੱਧ ਪ੍ਰਦੇਸ਼ ਲੋਕਾਂ ਨੂੰ ਲੁੱਟਿਆ ਹੈ।
ਸ੍ਰੀ ਮਾਨ ਨੇ ਕਿਹਾ ਕਿ ‘ਆਪ’ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਤੋਂ ਬਣੀ ਹੈ, ਜੋ ਆਪਣੇ ਚੋਣ ਨਿਸ਼ਾਨ ‘ਝਾੜੂ’ ਨਾਲ ਦੇਸ਼ ਨੂੰ ਵੀ ਸਾਫ਼ ਰੱਖ ਰਹੀ ਹੈ।
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, ‘‘ਅਸੀਂ ਮੁੱਦਿਆਂ ਬਾਰੇ ਗੱਲ ਕਰਨ ਵਾਲੇ ਆਮ ਲੋਕ ਹਾਂ, ਜੋਕਿ ਤੁਹਾਡੇ ਘਰਾਂ, ਬੱਚਿਆਂ, ਉਨ੍ਹਾਂ ਦੀ ਸਿੱਖਿਆ ਤੇ ਸੁਨਹਿਰੇ ਭਵਿੱਖ ਦੀ ਗੱਲ ਕਰਦੇ ਹਾਂ।’’ ਉਨ੍ਹਾਂ ਕਿਹਾ ਕਿ ‘ਆਪ’ ਹਸਪਤਾਲਾਂ ਤੇ ਰੁਜ਼ਗਾਰ ਬਾਰੇ ਗੱਲ ਕਰਦੀ ਹੈ। ‘ਆਪ’ ਨੇ ਪੰਜਾਬ ਤੇ ਦਿੱਲੀ ’ਚ ਬੇਮਿਸਾਲ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਦੂਜੀਆਂ ਪਾਰਟੀਆਂ ਚੋਣ ਮੈਨੀਫੈਸਟੋ ਜਾਂ ਸੰਕਲਪ ਪੱਤਰ ਜਾਰੀ ਕਰਦੀਆਂ ਹਨ ਤੇ ਸਰਕਾਰ ਬਣਨ ’ਤੇ ਕੁਝ ਨਹੀਂ ਕਰਦੀਆਂ, ਜਦੋਂਕਿ ‘ਆਪ’ ਨੇ ਜੋ ਗਾਰੰਟੀਆਂ ਦਿੱਤੀਆਂ ਹਨ, ਉਸ ਨੂੰ ਸਰਕਾਰ ਬਣਨ ਮਗਰੋਂ ਜ਼ਰੂਰ ਪੂਰਾ ਕੀਤਾ ਜਾਵੇਗਾ। ‘ਆਪ’ ਆਗੂਆਂ ਨੇ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਬਦਲਾਅ ਲਈ ਵੋਟ ਪਾਉਣ ਦੀ ਅਪੀਲ ਕੀਤੀ।