ਕਪੂਰਥਲਾ, 8 ਫਰਵਰੀ

ਆਮ ਆਦਮੀ ਪਾਰਟੀ ਦੇ ਕਾਰਕੁਨਾਂ ਵੱਲੋਂ ਮੰਗਲਵਾਰ ਨੂੰ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੌਰਾਨ ਪਾਰਟੀ ਦੀ ਮਹਿਲਾ ਕਾਰਕੁਨ ਨੇ ਖੁਦ ’ਤੇ ਤੇਜ਼ਾਬ ਡੇਗ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਮਹਿਲਾ ਦੀ ਪਛਾਣ ਕਪੂਰਥਲਾ ਦੀ ਵਸਨੀਕ ਸੁਸ਼ਮਾ ਆਨੰਦ (55) ਵਜੋਂ ਹੋਈ ਹੈ। ਉਸ ਨੇ ਕਿਹਾ ਕਿ ਬੀਤੇ ਵਰ੍ਹੇ ਨਵੰਬਰ ਮਹੀਨੇ ਵਿੱਚ ਜਦੋਂ ਉਸ ਨੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਦੇ ਪੋਸਟਰ ’ਤੇ ਜੁੱਤਾ ਸੁੱਟਿਆ ਸੀ ਤਾਂ ਮੰਤਰੀ ਦੇ ਬੰਦਿਆਂ ਨੇ ਉਸ ਦੀ ਕੁੱਟਮਾਰ ਕੀਤੀ ਸੀ। ਉਸ ਨੇ ਦੋਸ਼ ਲਗਾਇਆ ਕਿ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਅਜੇ ਤਕ ਪੁਲੀਸ ਨੇ ਕੇਸ ਦਰਜ ਨਹੀਂ ਕੀਤਾ ਹੈ। ਇਸ ਦੇ ਰੋਸ ਵਜੋਂ ਉਸ ਨੇ ਕਪੂਰਥਲਾ-ਸੁਲਤਾਨਪੁਰ ਲੋਧੀ ਸੜਕ ’ਤੇ ਸਦਰ ਪੁਲੀਸ ਸਟੇਸ਼ਨ ਅੱਗੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।