ਰਾਜਪੁਰਾ, 30 ਮਈ-ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਦਰਿਆਵਾਂ, ਨਾਲਿਆਂ ਤੇ ਡਰੇਨਾਂ ’ਚ ਕਥਿਤ ਪ੍ਰਾਈਵੇਟ ਫੈਕਟਰੀਆਂ ਵੱਲੋਂ ਸੁੱਟੇ ਜਾ ਰਹੇ ਖ਼ਤਰਨਾਕ ਰਸਾਇਣਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਆਮ ਆਦਮੀ ਪਾਰਟੀ ਦੇ  ਸੂਬਾ ਮੀਤ ਪ੍ਰਧਾਨ ਡਾ. ਬਲਵੀਰ ਸਿੰਘ, ਜਨਰਲ ਸਕੱਤਰ ਜਰਨੈਲ ਸਿੰਘ ਮੰਨੂ, ਧਰਮਿੰਦਰ ਸਿੰਘ ਸ਼ਾਹਪੁਰ, ਜ਼ਿਲ੍ਹਾ ਪ੍ਰਧਾਨ ਗਿਆਨ ਸਿੰਘ ਮੁੂੰਗੋਂ, ਬੰਟੀ ਸਿੰਘ ਖਾਨਪੁਰ, ਇਸਲਾਮ ਮੁਹੰਮਦ, ਜਸਵੀਰ ਸਿੰਘ ਚੰਦੂਆਂ ਤੇ ਹੋਰਨਾਂ ਨੇ ਇਸ ਖੇਤਰ ਵਿੱਚੋਂ ਗੁਜ਼ਰਦੇ ਪੰਜੀਦਰਾ (ਚੋਅ) ਗੰਦਾ ਨਾਲਾ ਵਿੱਚੋਂ ਪਾਣੀ ਦੇ ਨਮੂਨੇ ਪਿੰਡ ਜਨਸੂਆ ਨੇੜਿਓਂ ਬੋਤਲਾਂ ਵਿੱਚ ਭਰੇ। ਆਗੂਆਂ ਨੇ ਕਿਹਾ ਕਿ ਨਮੂਨਿਆਂ ਦੀ ਜਾਂਚ ਕਰਾਈ ਜਾਵੇਗੀ। ਇਸ ਮੌਕੇ ਡਾ. ਬਲਵੀਰ ਸਿੰਘ ਨੇ ਕਿਹਾ ਕਿ ਚੰਡੀਗੜ੍ਹ,  ਬਨੁੂੜ  ਅਤੇ ਰਾਜਪੁਰਾ ਦੀਆਂ ਕੁਝ ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ ਕਥਿਤ ਬਗੈਰ ਟਰੀਟਮੈਂਟ ਤੋਂ ਇਸ ਗੰਦੇ ਨਾਲੇ (ਪੰਝੀਦਰਾ) ਵਿੱਚ ਸੁੱਟਿਆ ਜਾ ਰਿਹਾ ਹੈ। ਇਸ ਪਾਣੀ ਤੋਂ ਕੁਝ ਕਿਸਾਨ ਫ਼ਸਲਾਂ ਵੀ ਪਾਲ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੂਸ਼ਿਤ ਪਾਣੀ ਕਾਰਨ ਇਲਾਕੇ ਦੇ ਲੋਕ  ਕੈਂਸਰ, ਕਾਲਾ ਪਾਲੀਆ ਸਮੇਤ ਕਈ ਗੰਭੀਰ ਬਿਮਾਰੀਆਂ ਦੀ ਗ੍ਰਿਫ਼ਤ ਵਿੱਚ ਆਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲ ਰੱਖਣਗੇ ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਅਜਿਹੇ ਪ੍ਰਦੂਸ਼ਣ ਦੀ ਰੋਕਥਾਮ ਲਈ ਠੋਸ ਕਾਨੂੰਨ ਬਣਾਉਣ ਦੀ ਮੰਗ ਕਰਨਗੇ।