ਓਟਾਵਾ— ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਡੈਨੀਅਲ ਜੀਨ ਨੇ ਭਾਰਤ ਕੈਨੇਡਾ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਰੱਦ ਹੋਣ ਮਗਰੋਂ ਜਸਪਾਲ ਅਟਵਾਲ ‘ਤੇ ਦਿੱਤੇ ਆਪਣੇ ਬਿਆਨ ਤੋਂ ਪਲਟੀ ਮਾਰ ਲਈ ਹੈ। ਕੈਨੇਡਾ ਦੀ ਨੈਸ਼ਨਲ ਸੁਰੱਖਿਆ ਕਮੇਟੀ ਸਾਹਮਣੇ ਪੇਸ਼ ਹੋ ਕੇ ਜੀਨ ਨੇ ਕਿਹਾ ਕਿ ਜਸਪਾਲ ਵਿਵਾਦ ‘ਤੇ ਉਨ੍ਹਾਂ ਨੇ ਭਾਰਤ ਨੂੰ ਜ਼ਿੰਮੇਦਾਰ ਨਹੀਂ ਠਹਿਰਾਇਆ ਬਲਕਿ ਉਨ੍ਹਾਂ ਨੇ ਤਾਂ ਸਿਰਫ ਗਲਤ ਪ੍ਰਚਾਰ ਮੁਹਿੰਮ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੇ ਨਾਲ ਹੀ ਜੀਨ ਨੇ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਡਿਨਰ ਪਾਰਟੀ ‘ਚ ਜਸਪਾਲ ਨੂੰ ਸੱਦਾ ਦਿੱਤੇ ਜਾਣ ਪਿੱਛੇ ਭਾਰਤ ਦੀ ਕੋਈ ਭੂਮਿਕਾ ਨਹੀਂ ਸੀ।
ਡੈਨੀਅਲ ਜੀਨ ਨੇ ਕੈਨੇਡੀਅਨ ਸੰਸਦ ‘ਚ ਸੋਮਵਾਰ ਨੂੰ ਜਨਤਕ ਗਵਾਹੀ ਦੌਰਾਨ ਫਰਵਰੀ ‘ਚ ਟਰੂਡੋ ਦੀ ਭਾਰਤ ਫੇਰੀ ਦੌਰਾਨ ਅਟਵਾਲ ਵਿਵਾਦ ‘ਤੇ ਆਪਣਾ ਸਪੱਸ਼ਟੀਕਰਨ ਦਿੱਤਾ। ਡੈਨੀਅਲ ਨੇ ਸਰਕਾਰ ਦਾ ਪੱਖ ਲੈਂਦਿਆਂ ਕਿਹਾ ਕਿ ਮੈਂ ਉਹ ਵਿਅਕਤੀ ਹਾਂ, ਜਿਸ ਨੇ ਉਸ ਵੇਲੇ ਨਾਂ ਨਾ ਛਾਪਣ ਦੀ ਸ਼ਰਤ ‘ਤੇ ਬਿਆਨ ਦਿੱਤਾ ਸੀ। ਮੈਂ ਆਪਣੇ ਬਿਆਨ ਨਾਲ ਸਿਰਫ ਗਲਤ ਪ੍ਰਚਾਰ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਲਿਆ ਗਿਆ। ਮੈਂ ਕਿਹਾ ਸੀ ਕਿ ਅਜਿਹਾ ਪ੍ਰਚਾਰ ਕਰਨ ਵਾਲੇ ਜਾਂ ਤਾਂ ਨਿੱਜੀ ਲੋਕ ਹਨ, ਜੋ ਭਾਰਤ ਸਰਕਾਰ ਦੇ ਨੁਮਾਇੰਦੇ ਹਨ, ਨਹੀਂ ਹਨ, ਜੇ ਹਨ ਤਾਂ ਉਹ ਗਲਤ ਕਰ ਰਹੇ ਹਨ।
ਇਸ ਸਾਰੇ ਵਿਵਾਦ ਦੀ ਸ਼ੁਰੂਆਤ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਸਮਾਗਮਾਂ ‘ਚ ਜਸਪਾਲ ਅਟਵਾਲ ਦੀ ਮੌਜੂਦਗੀ ਤੋਂ ਹੋਈ ਸੀ। ਟਰੂਡੋ ਦੀ ਡਿਨਰ ਪਾਰਟੀ ‘ਚ ਸੱਦਾ ਦਿੱਤੇ ਜਾਣ ਤੇ ਟਰੂਡੋ ਦੀ ਪਤਨੀ ਨਾਲ ਅਟਵਾਲ ਦੀਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਕੈਨੇਡਾ ‘ਚ ਸਿਆਸਤ ਭੱਖ ਗਈ ਸੀ। ਇਸੇ ਦੌਰਾਨ ਟਰੂਡੋ ਦੇ ਕੌਮੀ ਸੁਰੱਖਿਆ ਸਲਾਹਕਾਰ ਨੇ ਕਹਿ ਦਿੱਤਾ ਸੀ ਕਿ ਭਾਰਤ ਸਰਕਾਰ ਦੇ ਅੰਦਰੂਨੀ ਤੱਤਾਂ ਨੇ ਟਰੂਡੋ ਦੀ ਭਾਰਤ ਫੇਰੀ ਨੂੰ ਦਾਗਦਾਰ ਕੀਤਾ ਹੈ।