ਅੰਮਿ੍ਰਤਸਰ, 19 ਜੁਲਾਈ: ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਵਿਡ-19 ਦੇ ਖਾਤਮੇ ਲਈ ‘ਮਿਸ਼ਨ ਫਤਹਿ’ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਲੋਕਾਂ ਨੂੰ ਵਾਰ-ਵਾਰ ਕੋਰੋਨਾ ਤੋਂ ਬਚਣ ਲਈ ਸਿਹਤ ਵਿਭਾਗ ਦੀਆਂ ਸਾਵਧਾਨੀਆਂ ਉਤੇ ਅਮਲ ਕਰਨ ਲਈ ਜ਼ੋਰ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪਿੰਡਾਂ ਵਿਚ ਪੰਚਾਇਤਾਂ ਇਸ ਲਈ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ ਅਤੇ ਪੰਚਾਇਤ ਨੂੰ ਇਸ ਲਈ ਵੱਧ-ਚੜ੍ਹ ਕੇ ਕੰਮ ਕਰਨਾ ਚਾਹਿਦਾ ਹੈ, ਕਿਉਂਕਿ ਜੇਕਰ ਪਿੰਡ ਦੇ ਕਿਸੇ ਇਕ ਵਿਅਕਤੀ ਨੂੰ ਵੀ ਕੋਰੋਨਾ ਹੁੰਦਾ ਹੈ ਤਾਂ ਉਹ ਲਾਗ ਅੱਗੇ ਕਈ ਘਰਾਂ ਤੱਕ ਜਾ ਸਕਦੀ ਹੈ, ਸੋ ਇਸ ਕੰਮ ਨੂੰ ਸਭ ਤੋਂ ਵੱਧ ਤਰਜੀਹ ਦੇਣ ਦੀ ਲੋੜ ਹੈ। ਉਹ ਅੱਜ ਆਪਣੇ ਹਲਕੇ ਦੇ ਪਿੰਡ ਕੀਰਤਗੜ੍ਹ ਦੇ ਸਰਪੰਚ ਅਤੇ ਹੋਰ ਮੋਹਤਬਰਾਂ ਨੂੰ ਪਿੰਡ ਦੇ ਵਿਕਾਸ ਲਈ 6 ਲੱਖ ਰੁਪਏ ਦੀ ਗਰਾਂਟ ਦਾ ਚੈਕ ਦੇਣ ਮੌਕੇ ਪਿੰਡ ਵਾਸੀਆਂ ਨੂੰ ਮੁਖਾਤਿਬ ਹੋ ਰਹੇ ਸਨ। ਉਨਾਂ ਕਿਹਾ ਕਿ ਮੈਂ ਆਪਣੇ ਹਲਕੇ ਦੇ ਹਰੇਕ ਪਿੰਡ ਨੂੰ 35 ਲੱਖ ਰੁਪਏ ਦੀ ਗਰਾਂਟ ਦਿਆਂਗੇ ਅਤੇ ਆਸ ਕਰਦਾ ਹਾਂ ਤੁਸੀ ਇਸ ਪੈਸੇ ਨੂੰ ਸਹੀ ਥਾਂ ਲਗਾ ਕੇ ਪਿੰਡਾਂ ਦੀ ਨੁਹਾਰ ਬਦਲੋਗੇ। ਉਨਾਂ ਕਿਹਾ ਕਿ ਅੱਜ ਪਿੰਡ ਪਹਿਲਾਂ ਵਾਲੇ ਨਹੀ ਰਹੇ, ਉਨਾਂ ਦੀਆਂ ਜ਼ਰੂਰਤਾਂ ਵੀ ਸ਼ਹਿਰਾਂ ਵਾਂਗ ਹੋ ਚੁੱਕੀਆਂ ਹਨ, ਸੋ ਸਾਰੇ ਪਿੰਡਾਂ ਨੂੰ ਸ਼ਹਿਰਾਂ ਵਾਂਗ ਹੀ ਵਿਕਸਤ ਕੀਤਾ ਜਾਣਾ ਚਾਹੀਦਾ ਹੈ।

          ਇਸ ਮੌਕੇ ਸਰਪੰਚ ਪਰਗਟ ਸਿੰਘ, ਬੀ ਡੀ ਪੀ ਓ ਗੁਰਦੇਵ ਸਿੰਘ, ਵੀਰ ਸਿੰਘ, ਲਖਵਿੰਦਰ ਸਿੰਘ, ਗੁਰਦੀਪ ਸਿੰਘ, ਤਜਿੰਦਰ ਸਿੰਘ, ਜਗਦੀਸ਼ ਸਿੰਘ, ਲਾਭ ਸਿੰਘ ਅਤੇ ਹੋਰ ਮੋਹਤਬਰ ਵੀ ਹਾਜ਼ਰ ਸਨ।