ਲੰਡਨ:ਮੇਘਨ ਮਾਰਕਲ ਇਨ੍ਹੀਂ ਦਿਨੀਂ ਸ਼ਾਹੀ ਸਟਾਫ਼ ਵੱਲੋਂ ਉਸ ’ਤੇ ਧੱਕੇਸ਼ਾਹੀ ਦੇ ਲਾਏ ਗਏ ਦੋਸ਼ਾਂ ਕਾਰਨ ਬੇਹੱਦ ਪ੍ਰੇਸ਼ਾਨ ਹੈ। ‘ਪੀਪਲਜ਼’ ਮੈਗਜ਼ੀਨ ਨੇ ਰਾਜਕੁਮਾਰ ਹੈਰੀ ਅਤੇ ਡੱਚੇਜ ਮੇਘਨ ਦੇ ਤਰਜਮਾਨ ਵੱਲੋਂ ਜਾਰੀ ਬਿਆਨ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘‘ਡੱਚੇਜ ਆਪਣੇ ਕਿਰਦਾਰ ’ਤੇ ਕੀਤੇ ਗੲੇ ਹਮਲੇ ਤੋਂ ਬੇਹੱਦ ਉਦਾਸ ਹੈ, ਖ਼ਾਸ ਕਰ ਉਦੋਂ ਜਦ ਕੋਈ ਉਸ ਨੂੰ ਧੱਕੇ ਨਾਲ ਨਿਸ਼ਾਨਾ ਬਣਾ ਰਿਹਾ ਹੋਵੇ।’’ ਬਿਆਨ ਵਿੱਚ ਅੱਗੇ ਕਿਹਾ ਗਿਆ ਕਿ ਉਹ ਦੁਨੀਆ ਭਰ ਵਿੱਚ ਸਹੀ ਅਤੇ ਚੰਗੇ ਕੰਮਾਂ ਦੀ ਇੱਕ ਮਿਸਾਲ ਕਾਇਮ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੇਗੀ। ਬ੍ਰਿਟਿਸ਼ ਟੈਬਲੌਇਡ ‘ਦਿ ਟਾਈਮ’ ਅਨੁਸਾਰ ਬੀਤੇ ਦਿਨ ਮੇਘਨ ਦੇ ਕਰੀਬੀ ਸਲਾਹਕਾਰ ਨੇ ਉਸ ’ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ ਸਨ, ਜਦ ਉਹ ਆਪਣੇ ਪਤੀ ਨਾਲ ਕੇਨਸਿੰਗਟਨ ਪੈਲੇਸ ਵਿੱਚ ਰਹਿ ਰਹੀ ਸੀ। ਹਾਲਾਂਕਿ, ਉਸ ਦੇ ਦਫ਼ਤਰ ਨੇ ਅਜਿਹੀ ਕੋਈ ਸ਼ਿਕਾਇਤ ਦਰਜ ਕਰਨ ਨੂੰ ਪੂਰੀ ਤਰ੍ਹਾਂ ਨਾਕਾਰ ਦਿੱਤਾ ਹੈ। ਐਤਵਾਰ ਨੂੰ ਮੇਜ਼ਬਾਨ ਓਪਰਾ ਵਿਨਫਰੇ ਨਾਲ ਜੋੜੇ ਦੀ ਇੰਟਰਵਿਊ ਪ੍ਰਸਾਰਿਤ ਕੀਤੀ ਜਾਵੇਗੀ, ਜਿਸ ਦੀਆਂ ਕੁਝ ਝਲਕੀਆਂ ਅਨੁਸਾਰ ਪ੍ਰਿੰਸ ਹੈਰੀ ਨੇ ਆਪਣੀ ਮਾਂ ਰਾਜਕੁਮਾਰੀ ਡਾਇਨਾ ਨੂੰ ਯਾਦ ਕਰਦਿਆਂ ਕਿਹਾ ਕਿ ‘ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ।’ ਉਨ੍ਹਾਂ ਵਿਨਫਰੇ ਨੂੰ ਡਾਇਨਾ ਬਾਰੇ ਗੱਲ ਕਰਦਿਆਂ ਦੱਸਿਆ, ‘‘ਤੁਸੀਂ ਜਾਣਦੇ ਹੋ.. ਮੈਂ ਇੱਥੇ ਤੁਹਾਡੇ ਨਾਲ ਗੱਲਬਾਤ ਕਰਦਿਆਂ ਸੱਚਮੁੱਚ ਰਾਹਤ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਮੇਰੇ ਨਾਲ ਮੇਰੀ ਪਤਨੀ ਹੈ ਪਰ ਮੈਂ ਇਹ ਕਲਪਨਾ ਨਹੀਂ ਕਰ ਸਕਦਾ ਕਿ ਇੰਨੇ ਸਾਲ ਪਹਿਲਾਂ ਉਨ੍ਹਾਂ ਲਈ ਇਕੱਲਿਆਂ ਇਸ ਅਮਲ ਵਿੱਚੋਂ ਲੰਘਣਾ ਕਿਹੋ ਜਿਹਾ ਰਿਹਾ ਹੋਵੇਗਾ।’’